2020 'ਚ ਮੁਜ਼ਾਹਰੇ ਦਾ ਮਾਮਲਾ : ਭਗਵੰਤ ਸਿੰਘ ਮਾਨ ਅਦਾਲਤ 'ਚ ਹੋਏ ਪੇਸ਼

By  Ravinder Singh August 6th 2022 11:19 AM -- Updated: August 6th 2022 01:48 PM

ਚੰਡੀਗੜ੍ਹ : 10 ਜਨਵਰੀ 2020 ਨੂੰ ਚੰਡੀਗੜ੍ਹ ਦੇ ਸੈਕਟਰ-4 ਵਿੱਚ ਦਿੱਤੇ ਗਏ ਧਰਨੇ ਨੂੰ ਲੈ ਕੇ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲੰਮੇ ਸਮੇਂ ਤੋਂ ਲਟਕ ਰਹੇ ਕੇਸ ਉਤੇ ਚੰਡੀਗੜ੍ਹ ਪੁਲਿਸ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੌਰਾਨ ਦੰਗੇ ਭੜਕਾਉਣ ਤੇ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਏ। ਇਸ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ, ਅਮਨ ਅਰੋੜਾ ਅਤੇ ਨਰਿੰਦਰ ਸ਼ੇਰਗਿੱਲ ਵੀ ਹਾਜ਼ਰ ਸਨ। ਸੁਣਵਾਈ ਤੋਂ ਬਾਅਦ ਅਦਾਲਤ ਨੇ ਇਨ੍ਹਾਂ 'ਆਪ' ਆਗੂਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਜੋ ਅਗਾਊਂ ਜ਼ਮਾਨਤ 'ਤੇ ਹਨ। 2020 'ਚ ਮੁਜ਼ਾਹਰੇ ਦਾ ਮਾਮਲਾ : ਭਗਵੰਤ ਸਿੰਘ ਮਾਨ ਅਦਾਲਤ 'ਚ ਹੋਏ ਪੇਸ਼ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਮੌਜੂਦ ਸਨ। ਸਾਬਕਾ ਸਪੈਸ਼ਲ ਪ੍ਰੋਸੀਕਿਊਟਰ ਪ੍ਰਥਮ ਸੇਠੀ ਵੀ ਅਦਾਲਤ ਦੀ ਕਾਰਵਾਈ ਦੌਰਾਨ ਮੌਜੂਦ ਸਨ। ਇਸ ਸਬੰਧੀ ਸੈਕਟਰ-3 ਸਥਿਤ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਨੇ ਚਾਰਜਸ਼ੀਟ ਵਿੱਚ ਗੰਭੀਰ ਧਾਰਾਵਾਂ ਦਾ ਜ਼ਿਕਰ ਕੀਤਾ ਹੈ। ਚਾਰਜਸ਼ੀਟ ਵਿੱਚ ਦੰਗੇ, ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਕਰਨ ਉਤੇ ਅੜਿੱਕਾ ਬਣਨ ਤੇ ਸੱਟ ਪਹੁੰਚਾਉਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਕਾਬਿਲੇਗੌਰ ਹੈ ਕਿ 10 ਜਨਵਰੀ 2020 ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਆਗੂਆਂ ਨੇ ਬਿਜਲੀ ਦੀਆਂ ਵਧੀਆਂ ਦਰਾਂ ਦੇ ਵਿਰੁੱਧ ਸੈਕਟਰ-4 ਵਿੱਚ ਧਰਨਾ ਦਿੱਤਾ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਨੇ ਡਿਊਟੀ ਵਿੱਚ ਅੜਿੱਕਾ ਪਾਉਣ ਤੇ ਹੋਰ ਧਾਰਾਵਾਂ ਤਹਿਤ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹ ਵੀ ਪੜ੍ਹੋ : ਕੋਟਕਪੂਰਾ ਗੋਲੀ ਕਾਂਡ ਦੀ ਸਟੇਟਸ ਰਿਪੋਰਟ ਅਦਾਲਤ 'ਚ ਪੇਸ਼

Related Post