ਕੁੱਲੂ ਰੂਟ 'ਤੇ ਬੱਸ ਖੱਡ 'ਚ ਡਿੱਗਣ ਕਾਰਨ ਸਕੂਲੀ ਬੱਚਿਆਂ ਸਮੇਤ 16 ਦੀ ਮੌਤ

By  Jasmeet Singh July 4th 2022 10:24 AM -- Updated: July 4th 2022 11:21 AM

ਕੁੱਲੂ, 4 ਜੁਲਾਈ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਸਕੂਲੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਕੁਝ ਸਕੂਲੀ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਹਾਸਿਲ ਜਾਣਕਾਰੀ ਮੁਤਾਬਕ ਬੱਸ 'ਚ ਕਰੀਬ 35 ਲੋਕ ਸਵਾਰ ਸਨ। ਇਹ ਹਾਦਸਾ ਕੁੱਲੂ ਦੀ ਸਾਂਜ ਘਾਟੀ ਨੇੜੇ ਵਾਪਰਿਆ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸਾਂਝ ਜਾ ਰਹੀ ਬੱਸ ਸਵੇਰੇ ਕਰੀਬ 8.30 ਵਜੇ ਜੰਗਲਾ ਪਿੰਡ ਨੇੜੇ ਖੱਡ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ, ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬੱਸ ਦੇ ਹੇਠਾਂ ਪੰਜ ਤੋਂ ਛੇ ਹੋਰ ਲਾਸ਼ਾਂ ਫਸੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਕੁੱਲੂ ਜ਼ਿਲੇ ਦੇ ਸਾਂਝ ਦੇ ਸ਼ੇਨਸ਼ੇਰ 'ਚ ਇਹ ਇਕ ਨਿੱਜੀ ਬੱਸ ਦਾ ਹਾਦਸਾ ਹੈ। ਬੱਸ ਜੰਗਲਾ ਪਿੰਡ ਤੋਂ ਕਰੀਬ 200 ਮੀਟਰ ਦੂਰ ਸੜਕ ਤੋਂ ਹੇਠਾਂ ਖੁੱਡ ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ ਖਾਈ 'ਚੋਂ ਕੱਢੀਆਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਬੱਸ ਦੇ ਅੰਦਰ ਹੀ ਫਸੀਆਂ ਹੋਈਆਂ ਹਨ। ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਮ੍ਰਿਤਕਾਂ ਦਾ ਸਹੀ ਅੰਕੜਾ ਸਾਹਮਣੇ ਆਵੇਗਾ। ਬੱਸ ਸ਼ੰਸ਼ੇਰ ਤੋਂ ਔਟ ਜਾ ਰਹੀ ਸੀ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਜੈ ਰਾਮ ਠਾਕੁਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਪ੍ਰਮੁੱਖ ਰਾਜਸੀ ਆਗੂਆਂ ਨੇ ਬੱਸ ਹਾਦਸੇ 'ਤੇ ਦੁੱਖ ਜਤਾਇਆ ਹੈ। ਹੋਰ ਵੇਰਵੇ ਦੀ ਉਡੀਕ ਹੈ... -PTC News

Related Post