ਰਾਜਸਥਾਨ 'ਚ ਜੀਪ ਦੀ ਟਰੈਕਟਰ ਟਰਾਲੀ 'ਚ ਟੱਕਰ, ਇਕ ਪਰਿਵਾਰ ਦੇ 10 ਜੀਆਂ ਦੀ ਮੌਤ, 8 ਜ਼ਖਮੀ
ਜੈਪੁਰ: ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਗੁੜਾ ਗੌਡਜੀ ਵਿੱਚ ਸੜਕ ਹਾਦਸੇ ਕਾਰਨ 10 ਵਿਅਕਤੀ ਮਾਰੇ ਗਏ ਤੇ 8 ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜੀਪ ਦੇ ਟਰੈਕਟਰ ਟਰਾਲੀ ’ਚ ਵੱਜਣ ਕਾਰਨ ਹਾਦਸਾ ਹੋਇਆ। ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਵਿੱਚ ਇੱਕ ਜੀਪ ਦੇ ਸੜਕ ਕਿਨਾਰੇ ਖੜ੍ਹੀ ਇੱਕ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਇੱਕ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਝੁਨਝੁਨੂ-ਗੁੜਾ ਗੌਡਜੀ ਹਾਈਵੇਅ 'ਤੇ ਦੁਪਹਿਰ ਵੇਲੇ ਹੋਇਆ। ਪੁਲਿਸ ਸੁਪਰਡੈਂਟ (ਐਸਪੀ) ਪ੍ਰਦੀਪ ਮੋਹਨ ਸ਼ਰਮਾ ਨੇ ਦੱਸਿਆ ਇਕ ਜੀਪ ਵਿੱਚ ਸਫ਼ਰ ਕਰ ਰਹੇ ਇੱਕ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਲਾਕੇ ਵਿੱਚ ਇਸ ਦੀ ਸੂਚਨਾ ਮਿਲਦੇ ਹੀ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸ਼ਖ਼ਸੀਅਤਾਂ ਨੇ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਇੱਕ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦਰਮਿਆਨ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਇੱਕੋ ਪਿੰਡ ਅਤੇ ਇੱਕੋ ਗੋਤ ਨਾਲ ਸਬੰਧਤ ਹਨ। ਇਹ ਸਾਰੇ ਲੋਕ ਸਵੇਰੇ ਪ੍ਰਸਿੱਧ ਤੀਰਥ ਅਸਥਾਨ ਸ਼ੇਖਾਵਤੀ ਲੋਹਾਰਗਲ 'ਚ ਇਸ਼ਨਾਨ ਕਰਨ ਗਏ ਸਨ। ਪਿਕਅੱਪ ਸ਼ਰਧਾਲੂਆਂ ਨਾਲ ਭਰੀ ਹੋਈ ਸੀ। ਵਾਪਸੀ 'ਤੇ ਸੜਕ ਦੇ ਕਿਨਾਰੇ ਟਰੈਕਟਰ ਖੜ੍ਹਾ ਸੀ। ਇਸ ਕਾਰਨ ਪਿਕਅੱਪ ਚਾਲਕ ਘਬਰਾ ਗਿਆ ਅਤੇ ਉਸ ਨੇ ਗੱਡੀ ਤੋਂ ਕੰਟਰੋਲ ਖੋਹ ਲਿਆ। ਇਸ ਕਾਰਨ ਓਵਰਲੋਡ ਪਿਕਅੱਪ ਬੇਕਾਬੂ ਹੋ ਕੇ ਪਲਟ ਗਈ ਅਤੇ 10 ਲੋਕਾਂ ਦੀ ਜਾਨ ਚਲੀ ਗਈ।