Punjab News: ਜਲੰਧਰ ਜ਼ਿਲ੍ਹੇ ਦੇ ਨਕੋਦਰ ਦੀ ਪੁਰੇਵਾਲ ਕਾਲੋਨੀ ਵਿੱਚ ਕਲਯੁਗੀ ਪੁੱਤਰ ਨੇ ਆਪਣੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿਤਾ ਨੂੰ ਗੰਭੀਰ ਹਾਲਤ 'ਚ ਪਹਿਲਾਂ ਨਕੋਦਰ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।ਜ਼ਖ਼ਮੀ ਬਜ਼ੁਰਗ ਦੀ ਪਛਾਣ ਹਰਜੀਤ ਸਿੰਘ ਵਾਸੀ ਪੁਰੇਵਾਲ ਕਲੋਨੀ ਵਜੋਂ ਹੋਈ ਹੈ। ਹਮਲਾਵਰ ਪੁੱਤਰ ਸੁਰਿੰਦਰ ਸਿੰਘ ਉਰਫ ਛਿੰਦਾ ਮੌਕੇ ਤੋਂ ਫਰਾਰ ਹੋ ਗਿਆ ਹੈ। ਸੂਚਨਾ ਮਿਲਦੇ ਹੀ ਇੰਸਪੈਕਟਰ ਬਲਜੀਤ ਸਿੰਘ, ਏਐਸਆਈ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਹੈ। ਬਜ਼ੁਰਗ ਜੋੜੇ ਦੇ ਤਿੰਨ ਬੱਚੇ ਹਨ, ਦੋ ਪੁੱਤਰ ਅਤੇ ਇੱਕ ਧੀ। ਤਿੰਨੋਂ ਵਿਦੇਸ਼ ਰਹਿੰਦੇ ਹਨ। ਇੱਕ ਪੁੱਤਰ 2-3 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਬਜ਼ੁਰਗ ਦੀ ਪਤਨੀ ਅੱਜ ਸਵੇਰੇ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਘਰ 'ਚ ਪਿਓ-ਪੁੱਤ ਇਕੱਲੇ ਸਨ।ਬਜ਼ੁਰਗ ਪਿਛਲੇ ਕੁਝ ਸਮੇਂ ਤੋਂ ਬਹੁਤ ਬਿਮਾਰ ਸੀ। ਅੱਜ ਕਿਸੇ ਗੱਲ ਨੂੰ ਲੈ ਕੇ ਦੋਨਾਂ ਪਿਓ-ਪੁੱਤ ਵਿਚ ਬਹਿਸ ਹੋ ਗਈ ਅਤੇ ਬੇਟੇ ਨੇ ਆਪਣੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਹਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਿਆ। ਅੱਜ ਉਹ ਕਿਸੇ ਜ਼ਰੂਰੀ ਕੰਮ ਲਈ ਘਰੋਂ ਨਿਕਲਣਾ ਸੀ ਤਾਂ ਉਸ ਦੇ ਹੀ ਪੁੱਤਰ ਨੇ ਆਪਣੇ ਹੀ ਪਿਤਾ 'ਤੇ ਪਿੱਛਿਓਂ ਹਮਲਾ ਕਰ ਦਿੱਤਾ।