ਅਮਰੀਕੀ ਔਰਤ ਦਾ ਦਾਅਵਾ, ਹੇਅਰ ਪ੍ਰੋਡਕਟਸ ਦੀ ਵਰਤੋਂ ਨਾਲ ਹੋਇਆ ਕੈਂਸਰ; ਕੰਪਨੀ 'ਤੇ ਠੋਕਿਆ ਮੁਕੱਦਮਾ
ਵਾਸ਼ਿੰਗਟਨ : ਅਮਰੀਕਾ ਦੀ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ L'Oreal ਹੇਅਰ ਸਟ੍ਰੇਟਨਿੰਗ ਉਤਪਾਦ ਦੀ ਵਰਤੋਂ ਕਰਨ ਤੋਂ ਬਾਅਦ ਬੱਚੇਦਾਨੀ ਦਾ ਕੈਂਸਰ ਹੋ ਗਿਆ ਸੀ। ਮਹਿਲਾ ਦੇ ਵਕੀਲ ਨੇ ਦੱਸਿਆ ਕਿ ਉਸ ਨੇ ਕੰਪਨੀ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਜੇਨੀ ਮਿਸ਼ੇਲ ਨਾਂ ਦੀ ਔਰਤ ਨੇ ਮੁਕੱਦਮਾ ਦਰਜ ਕਰਵਾਉਂਦਿਆਂ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰ ਰਹੀ ਸੀ, ਜਿਸ ਕਾਰਨ ਉਸ ਨੂੰ ਬੱਚੇਦਾਨੀ ਦਾ ਕੈਂਸਰ ਹੋ ਗਿਆ। ਕੁਝ ਦਿਨ ਪਹਿਲਾਂ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਜਰਨਲ 'ਚ ਇਕ ਸਟੱਡੀ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਵਾਲਾਂ ਨੂੰ ਸਟ੍ਰੇਟ ਕਰਨ ਵਾਲੇ ਕੈਮੀਕਲ ਪ੍ਰੋਡਕਟਸ ਦੇ ਇਸਤੇਮਾਲ ਨਾਲ ਬੱਚੇਦਾਨੀ ਦੇ ਕੈਂਸਰ ਨਾਲ ਸਬੰਧ ਬਾਰੇ ਬਾਰੀਕੀ ਨਾਲ ਦੱਸਿਆ ਗਿਆ ਹੈ। ਸਟੱਡੀ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਨੇ ਸਾਲ ਵਿੱਚ ਚਾਰ ਵਾਰ ਤੋਂ ਵੱਧ ਇਨ੍ਹਾਂ ਉਤਪਾਦਾਂ ਦੀ ਵਰਤੋਂ ਕੀਤੀ ਸੀ, ਉਨ੍ਹਾਂ ਔਰਤਾਂ ਦੇ ਮੁਕਾਬਲੇ ਬੱਚੇਦਾਨੀ ਦੇ ਕੈਂਸਰ ਹੋਣ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ ਜੋ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਹੀਂ ਕਰਦੀਆਂ ਸਨ। ਮਿਸ਼ੇਲ ਦੇ ਅਟਾਰਨੀ ਬੇਨ ਕਰੰਪ ਨੇ ਇਕ ਬਿਆਨ 'ਚ ਕਿਹਾ ਕਿ ਸਿਆਹਫਾਮ ਔਰਤਾਂ ਲੰਬੇ ਸਮੇਂ ਤੋਂ ਖਤਰਨਾਕ ਉਤਪਾਦਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਵੀ ਪੜ੍ਹੋ : 12 ਮੁਸਾਫ਼ਰਾ ਦੀ ਉਡੀਕ 180 ਯਾਤਰੀਆਂ ਲਈ ਬਣੀ ਮੁਸੀਬਤ, ਹਵਾਈ ਅੱਡੇ 'ਤੇ ਦੋ ਘੰਟੇ ਦੇਰੀ ਨਾਲ ਪਹੁੰਚੀ ਫਲਾਈਟ ਫਰਾਂਸੀਸੀ ਕਾਸਮੈਟਿਕ ਕੰਪਨੀ L'Oreal ਦੀ ਯੂਐਸ ਬ੍ਰਾਂਚ ਨੂੰ ਹਰਜਾਨਾ ਦੇਣ ਲਈ ਕਿਹਾ ਗਿਆ ਹੈ। ਵਕੀਲ ਨੇ ਇਹ ਵੀ ਕਿਹਾ, 'ਸਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਮਿਸ਼ੇਲ ਦਾ ਮਾਮਲਾ ਉਨ੍ਹਾਂ ਅਣਗਿਣਤ ਮਾਮਲਿਆਂ 'ਚੋਂ ਇਕ ਹੈ, ਜਿਸ 'ਚ ਕੰਪਨੀਆਂ ਆਪਣਾ ਮੁਨਾਫਾ ਵਧਾਉਣ ਲਈ ਸਿਆਹਫਾਮ ਔਰਤਾਂ ਨੂੰ ਗੁੰਮਰਾਹ ਕਰ ਰਹੀਆਂ ਹਨ।' L'Oreal ਨੇ ਅਜੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। -PTC News