ਅਮਰੀਕੀ 'ਬੰਦੂਕ ਸੱਭਿਆਚਾਰ' : ਵੱਡੇ ਦੁਖਾਂਤ ਵਾਪਰਨ ਦੇ ਬਾਵਜੂਦ ਜਾਨਾਂ ਜਾਣ ਦਾ ਨਹੀਂ ਰੁਕ ਰਿਹਾ ਵਰਤਾਰਾ
ਨਿਊਯਾਰਕ : ਅਮਰੀਕਾ ਵਿੱਚ ਜਨਤਕ ਥਾਵਾਂ ਉਤੇ ਭੀੜ ਉਪਰ ਗੋਲੀਬਾਰੀ ਹੋਣੀ ਆਮ ਜਿਹੀ ਗੱਲ ਹੋ ਗਈ ਹੈ। ਬੰਦੂਕਧਾਰੀ ਬੇਖੌਫ ਭੀੜ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਨਾਲ ਲੱਖਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਹਾਲਾਂਕਿ ਇਹ ਆਲਮੀ ਵਰਤਾਰਾ ਹੈ ਪਰ ਅਮਰੀਕਾ ਵਿੱਚ ਬੰਦੂਕ ਸੱਭਿਆਚਾਰ ਹੋਣ ਕਾਰਨ ਇਥੇ ਰੋਜ਼ਾਨਾ ਹੀ ਘਟਨਾਵਾਂ ਵਾਪਰ ਰਹੀਆਂ ਹਨ। ਅੱਲੜ ਨੌਜਵਾਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਕਦੇ ਸਕੂਲ ਦੇ ਮਾਸੂਮ ਬੱਚਿਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਕਦੇ ਸ਼ਮਸ਼ਾਨਘਾਟ ਵਿੱਚ ਰਸਮਾਂ ਨਿਭਾਅ ਰਹੇ ਲੋਕਾਂ ਉਤੇ ਫਾਇਰਿੰਗ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਤੇ ਕਦੇ ਯਹੂਦੀ ਮੰਦਰ ਵਿੱਚ ਬੰਦੂਕਧਾਰੀ ਵੱਲੋਂ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਵਾਰਦਾਤ ਤੋਂ ਬਾਅਦ ਦੀਆਂ ਤਸਵੀਰਾਂ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਉਂਦੀਆਂ ਹਨ। ਅਜਿਹੀਆਂ ਵਾਰਦਾਤਾਂ ਲਈ ਅਮਰੀਕਾ ਦੇ ਬੰਦੂਕ ਸੱਭਿਆਚਾਰ (ਗਨ ਕਲਚਰ) ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਦੇਸ਼ 'ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਵਜੂਦ ਬੰਦੂਕਾਂ ਉਤੇ ਕੰਟਰੋਲ ਕਰਨ ਲਈ ਸਰਕਾਰ ਵੀ ਜੂਝ ਰਹੀ ਹੈ। ਇਸ ਲਈ ਅਕਸਰ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ (ਐੱਨਆਰਏ) ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਐੱਨਆਰਏ ਨੇ ਬੰਦੂਕਾਂ ਦੇ ਪੱਖ 'ਚ ਖੇਮੇਬਾਜ਼ੀ ਕੀਤੀ ਹੈ ਅਤੇ ਇਹ ਜ਼ਮੀਨੀ ਪੱਧਰ ਉਤੇ ਬੇਹੱਦ ਪ੍ਰਭਾਵਸ਼ਾਲੀ ਹੈ। ਐੱਨਆਰਏ ਖ਼ੁਦ ਤਿੰਨ ਮੈਗ਼ਜ਼ੀਨ ਛਾਪਦਾ ਹੈ ਤੇ ਕਰੀਬ 50 ਲੱਖ ਲੋਕ ਇਸ ਦੇ ਪਾਠਕ ਹਨ। ਜ਼ਿਕਰਯੋਗ ਹੈ ਕਿ 1871 'ਚ ਗ੍ਰਹਿ ਯੁੱਧ ਦੇ ਤੁਰੰਤ ਬਾਅਦ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਬਣੀ। 20ਵੀਂ ਸਦੀ ਦੇ ਅੱਧ ਤੱਕ ਇਸ ਨੂੰ ਸਿਰਫ਼ ਨਿਸ਼ਾਨੇਬਾਜ਼ਾਂ ਦਾ ਸੰਗਠਨ ਮੰਨਿਆ ਜਾਂਦਾ ਰਿਹਾ। ਅਮਰੀਕਾ ਵਿਚ ਪਿਛਲੇ 50 ਸਾਲਾਂ ਵਿਚ ਬੰਦੂਕ ਨਾਲ ਹੋਈ ਹਿੰਸਾ ਵਿਚ 15 ਲੱਖ ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਗਿਣਤੀ 1776 ਵਿਚ ਅਮਰੀਕਾ ਦੀ ਆਜ਼ਾਦੀ ਤੋਂ ਬਾਅਦ ਪਿਛਲੇ ਕਰੀਬ 250 ਸਾਲਾਂ ਵਿਚ ਅਮਰੀਕਾ ਦੀਆਂ ਸਾਰੀਆਂ ਜੰਗਾਂ ਵਿਚ ਮਾਰੇ ਗਏ ਸੈਨਿਕਾਂ ਦੀ ਕੁੱਲ ਗਿਣਤੀ ਤੋਂ ਵੱਧ ਹੈ। ਕਾਬਿਲੇਗੌਰ ਹੈ ਕਿ ਅਮਰੀਕਾ 'ਚ ਸ਼ਰੇਆਮ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਉਥੇ ਖੁੱਲ੍ਹੇਆਮ ਬੰਦੂਕਾਂ ਲੈ ਕੇ ਜਾਣ ਉਤੇ ਪਾਬੰਦੀ ਦੀ ਮੰਗ ਤੇਜ਼ ਹੋ ਗਈ ਹੈ। ਇਸ ਦੌਰਾਨ ਨਿਊਯਾਰਕ ਸਟੇਟ ਰਾਈਫਲ ਐਂਡ ਪਿਸਟਲ ਐਸੋਸੀਏਸ਼ਨ ਬਨਾਮ ਬਰੂਏਨ ਮਾਮਲੇ 'ਚ ਅਮਰੀਕੀ ਸੁਪਰੀਮ ਕੋਰਟ ਨੇ ਜੋ ਬਾਈਡਨ ਪ੍ਰਸ਼ਾਸਨ ਨੂੰ ਜ਼ੋਰਦਾਰ ਝਟਕਾ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ 'ਅਮਰੀਕੀਆਂ ਨੂੰ ਬੰਦੂਕ ਚੁੱਕਣ ਤੋਂ ਨਹੀਂ ਰੋਕਿਆ ਜਾ ਸਕਦਾ। ਨਾ ਹੀ ਇਸ ਵਿੱਚ ਕੋਈ ਸ਼ਰਤ ਜੋੜੀ ਜਾ ਸਕਦੀ ਹੈ। ਬੰਦੂਕ ਰੱਖਣਾ ਅਮਰੀਕੀਆਂ ਦਾ ਮੌਲਿਕ ਅਧਿਕਾਰ ਹੈ। ਅਮਰੀਕਾ ਵਿੱਚ ਹਾਲ ਹੀ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਗਨ ਕਲਚਰ ਨੂੰ ਕੰਟਰੋਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸਨ। ਅਮਰੀਕੀ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਇਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਬਣਾਏ ਗਏ ਨਿਊਯਾਰਕ ਕਾਨੂੰਨ ਰੱਦ ਕਰ ਦਿੱਤਾ ਸੀ। ਉਸ ਕਾਨੂੰਨ ਤਹਿਤ ਲੋਕ ਘਰ ਦੇ ਬਾਹਰ ਬਗੈਰ ਲਾਇਸੈਂਸ ਹਥਿਆਰ ਨਹੀਂ ਲੈ ਜਾ ਸਕਦੇ । ਇਹ ਬੰਦੂਕ ਦੇ ਅਧਿਕਾਰਾਂ ਦੇ ਲਿਹਾਜ ਨਾਲ ਵੱਡਾ ਕਦਮ ਹੈ। ਅਮਰੀਕਾ 'ਚ ਬੰਦੂਕ ਖ਼ਰੀਦਣਾ ਸਬਜ਼ੀ ਖਰੀਦਣ ਜਿੰਨਾ ਆਸਾਨ, 33 ਕਰੋੜ ਦੀ ਆਬਾਦੀ ਕੋਲ 40 ਕਰੋੜ ਬੰਦੂਕਾਂ : ਬੰਦੂਕ ਖ਼ਰੀਦਦੇ ਸਮੇਂ ਖਰੀਦਦਾਰ ਨੂੰ ਇੱਕ ਫਾਰਮ ਉਤੇ ਨਾਮ, ਪਤਾ, ਜਨਮ ਮਿਤੀ ਅਤੇ ਨਾਗਰਿਕਤਾ ਦੀ ਜਾਣਕਾਰੀ ਦੇਣੀ ਪੈਂਦੀ ਹੈ। ਅਮਰੀਕੀ ਖੁਫੀਆ ਏਜੰਸੀ ਬੰਦੂਕ ਦੇ ਖਰੀਦਦਾਰ ਦੀ ਜਾਣਕਾਰੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਮਤਲਬ ਐਫਬੀਆਈ ਨਾਲ ਸਾਂਝੀ ਕਰਦੀ ਹੈ, ਜੋ ਬੰਦੂਕ ਖ਼ਰੀਦਣ ਵਾਲੇ ਦੇ ਪਿਛੋਕੜ ਦੀ ਜਾਂਚ ਕਰਦੀ ਹੈ। ਅਮਰੀਕਾ ਦੇ ਗੰਨ ਕੰਟਰੋਲ ਐਕਟ (ਜੀਸੀਏ) ਅਨੁਸਾਰ ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਖਰੀਦਣ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਹੈਂਡਗਨ ਵਰਗੇ ਹੋਰ ਹਥਿਆਰ ਖਰੀਦਣ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ। ਸਿਰਫ਼ ਅਮਰੀਕਾ ਵਿੱਚ ਸਮਾਜ ਲਈ ਖ਼ਤਰਨਾਕ, ਭਗੌੜੇ, ਨਸ਼ੇੜੀ, ਮਾਨਸਿਕ ਤੌਰ 'ਤੇ ਬਿਮਾਰ ਅਤੇ 1 ਸਾਲ ਤੋਂ ਵੱਧ ਕੈਦ ਅਤੇ 2 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਲੋਕਾਂ ਨੂੰ ਬੰਦੂਕ ਖਰੀਦਣ ਦੀ ਇਜਾਜ਼ਤ ਨਹੀਂ ਹੈ। ਬੰਦੂਕਾਂ ਦੇ ਨਾਗਰਿਕਾਂ ਦੇ ਕਬਜ਼ੇ ਦੇ ਮਾਮਲੇ ਵਿੱਚ ਅਮਰੀਕਾ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਸਵਿਟਜ਼ਰਲੈਂਡ ਦੇ ਸਮਾਲ ਆਰਮਜ਼ ਸਰਵੇ (ਐੱਸ.ਏ.ਐੱਸ.) ਦੀ ਰਿਪੋਰਟ ਮੁਤਾਬਕ ਦੁਨੀਆ 'ਚ ਕੁੱਲ 857 ਮਿਲੀਅਨ ਨਾਗਰਿਕ ਬੰਦੂਕਾਂ 'ਚੋਂ ਇਕੱਲੇ ਅਮਰੀਕਾ 'ਚ 39.3 ਕਰੋੜ ਨਾਗਰਿਕ ਬੰਦੂਕਾਂ ਹਨ। ਅਮਰੀਕਾ ਵਿਚ ਦੁਨੀਆ ਦੀ 5 ਫ਼ੀਸਦੀ ਆਬਾਦੀ ਹੈ ਪਰ ਦੁਨੀਆ ਦੇ ਨਾਗਰਿਕ ਬੰਦੂਕਾਂ ਦਾ 46 ਫ਼ੀਸਦੀ ਇਕੱਲੇ ਅਮਰੀਕਾ ਵਿੱਚ ਹੈ। ਅਕਤੂਬਰ 2020 ਵਿੱਚ ਇੱਕ ਗੈਲਪ ਸਰਵੇਖਣ ਦੇ ਅਨੁਸਾਰ 44 ਫ਼ੀਸਦੀ ਅਮਰੀਕੀ ਬਾਲਗ ਬੰਦੂਕਾਂ ਵਾਲੇ ਘਰ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਬਾਲਗਾਂ ਕੋਲ ਬੰਦੂਕਾਂ ਹਨ। ਦੁਨੀਆ ਵਿੱਚ ਸਿਰਫ਼ ਤਿੰਨ ਦੇਸ਼ ਅਜਿਹੇ ਹਨ ਜਿੱਥੇ ਬੰਦੂਕ ਰੱਖਣਾ ਸੰਵਿਧਾਨਕ ਅਧਿਕਾਰ ਹੈ। ਅਮਰੀਕਾ, ਗੁਆਟੇਮਾਲਾ ਤੇ ਮੈਕਸੀਕੋ। ਹਾਲਾਂਕਿ ਗੁਆਟੇਮਾਲਾ ਅਤੇ ਮੈਕਸੀਕੋ ਦੇ ਲੋਕਾਂ ਕੋਲ ਅਮਰੀਕਾ ਦੇ ਮੁਕਾਬਲੇ ਕਾਫ਼ੀ ਘੱਟ ਬੰਦੂਕਾਂ ਹਨ। ਨਾਲ ਹੀ ਪੂਰੇ ਮੈਕਸੀਕੋ ਵਿਚ ਸਿਰਫ ਇਕ ਬੰਦੂਕ ਸਟੋਰ ਹੈ, ਜਿਸ 'ਤੇ ਫ਼ੌਜ ਦਾ ਕੰਟਰੋਲ ਹੈ। ਇਹ ਵੀ ਪੜ੍ਹੋ : ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਮੀਟਿੰਗ ਦਾ ਬਾਈਕਾਟ