ਅਮਰੀਕਾ ਦੇ ਐਲਕ ਗਰੋਵ ਪਾਰਕ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਲੱਗੀਆਂ ਰੌਣਕਾਂ (ਤਸਵੀਰਾਂ)
ਅਮਰੀਕਾ ਦੇ ਐਲਕ ਗਰੋਵ ਪਾਰਕ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਲੱਗੀਆਂ ਰੌਣਕਾਂ (ਤਸਵੀਰਾਂ),ਨਵੀਂ ਦਿੱਲੀ: ਅਮਰੀਕਾ ਦੇ ਐਲਕ ਗਰੋਵ ਪਾਰਕ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਲਗਭਗ 3 ਹਜ਼ਾਰ ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਤੁਹਾਨੂੰ ਦੱਸ ਦਈਏ ਕਿ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 11ਵੀਆਂ ਸਾਲਾਨਾ ਤੀਆਂ ਮਨਾਈਆਂ ਗਈਆਂ ਹਨ।ਇਸ ਮੌਕੇ ਸਟੇਜ ਨੂੰ ਬੜੇ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ।
ਹੋਰ ਪੜ੍ਹੋ:ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਨੌਜਵਾਨ ਭੇਜਣ ਵਾਲਿਆ 'ਤੇ ਪੁਲਿਸ ਦਾ ਸ਼ਿਕੰਜਾ, ਦਰਜਨ ਭਰ ਏਜੰਟਾਂ 'ਤੇ ਮਾਮਲਾ ਦਰਜ
ਸਟੇਜ ਦੇ ਨਾਲ ਹੀ ਇਕ ਵੱਖਰਾ ਸਟਾਲ ਲਾ ਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਇਆ, ਜਿਸ ਵਿਚ ਖੂਹ, ਮਲਕੀ-ਕੀਮਾ ਦੇ ਬੁੱਤ, ਚਰਖੇ, ਫੁਲਕਾਰੀਆਂ, ਬਾਜ, ਚਾਟੀਆਂ, ਮਧਾਣੀਆਂ, ਛੱਜ, ਢੋਲਕੀਆਂ ਆਦਿ ਵਿਰਾਸਤੀ ਵਸਤਾਂ ਸਟੇਜ ਨੂੰ ਹੋਰ ਵੀ ਚਾਰ-ਚੰਨ੍ਹ ਲਾ ਰਹੀਆਂ ਸਨ।ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਹਾਰ-ਸ਼ਿੰਗਾਰ ਦਾ ਸਾਮਾਨ, ਮਹਿੰਦੀ, ਜੁੱਤੀਆਂ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਟਾਲ ਪੰਜਾਬ ਦੇ ਕਿਸੇ ਬਾਜ਼ਾਰ ਦਾ ਭੁਲੇਖਾ ਪਾਉਂਦੇ ਸਨ।
ਸਭ ਤੋਂ ਪਹਿਲਾਂ ਬੀਬੀਆਂ ਨੇ ਸੁਹਾਗ, ਘੋੜੀਆਂ, ਸਿੱਠਣੀਆਂ, ਬੋਲੀਆਂ ਅਤੇ ਟੱਪੇ ਆਦਿ ਗਾ ਕੇ ਮੇਲੇ ਦਾ ਆਗਾਜ਼ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ ਦੁਪਹਿਰ 1 ਵਜੇ ਸ਼ੁਰੂ ਹੋਈਆਂ ਇਨ੍ਹਾਂ ਤੀਆਂ ਵਿਚ ਸ਼ਾਮ ਦੇ 7 ਵਜੇ ਤੱਕ 25 ਦੇ ਕਰੀਬ ਆਈਟਮਾਂ ਪੇਸ਼ ਕਰਵਾਈਆਂ।
-PTC News