ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਰਾਹੁਲ ਨੇ ਦੱਸਿਆ ਰਾਜ਼
ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇਕ ਦੂਜੇ ਉਤੇ ਇਲਜ਼ਾਮਬਾਜ਼ੀ ਦਾ ਰੁਝਾਨ ਜ਼ੋਰਾਂ ਉਤੇ ਹੈ। ਇਸ ਦੇ ਉਲਟ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ਹੀ ਪਾਰਟੀ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਗੰਭੀਰ ਦੋਸ਼ ਲਗਾਏ ਅਤੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਉਤੋਂ ਹਟਾਏ ਜਾਣ ਦਾ ਕਾਰਨ ਵੀ ਦੱਸਿਆ।
ਰਾਹੁਲ ਗਾਂਧੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਅਤੇ ਉਹ ਕਈ ਥਾਵਾਂ ਉਤੇ ਚੋਣ ਰੈਲੀਆਂ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਅਥਾਹ ਵਾਅਦੇ ਕੀਤੇ ਗਏ ਸਨ। ਗ਼ਰੀਬ ਤੇ ਲੋਡ਼ਵੰਦਾਂ ਨੂੰ ਸਹਾਇਤਾ ਦੇਣ ਦਾ ਦਾਅਵਾ ਵੀ ਕੀਤਾ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਗ਼ਰੀਬ ਲੋਕਾਂ ਦੀ ਬਿਜਲੀ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸੇ ਕਾਰਨ ਕਾਂਗਰਸ ਨੇ ਪਿਛਲੇ ਸਾਲ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਰਾਹੁਲ ਨੇ ਕਿਹਾ ਕਿ ਕੈਪਟਨ ਨੂੰ ਦੱਸਿਆ ਗਿਆ ਸੀ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਾਰੇ ਗਰੀਬ ਲੋਕਾਂ ਦੇ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਦੇ ਬਿਜਲੀ ਦੇ ਬਿੱਲਾਂ ਵਿਚ ਵੀ ਕਟੌਤੀ ਕੀਤੀ ਜਾਵੇ।
ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਜਿਨ੍ਹਾਂ ਨੇ ਕੁਝ ਹੀ ਸਮੇਂ ਵਿਚ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰ ਦਿੱਤੇ। ਇਹ ਕੰਮ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਚੰਨੀ ਨੇ ਅਮਰਿੰਦਰ ਸਿੰਘ ਵਾਂਗ ਬਹਾਨਾ ਬਣਾਇਆ ਸਗੋਂ ਗ਼ਰੀਬ ਲੋਕਾਂ ਨੂੰ ਰਾਹਤ ਪਹੁੰਚਾਈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਇਸ ਵਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਸਨ ਪਰ ਪਿਛਲੇ ਸਾਲ ਸਤੰਬਰ ਵਿੱਚ ਕਾਂਗਰਸ ਨੇ ਅਮਰਿੰਦਰ ਸਿੰਘ ਦੀ ਥਾਂ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ।
ਇਹ ਵੀ ਪੜ੍ਹੋ : Assembly Elections 2022 Live Updates: ਚੋਣ ਪ੍ਰਚਾਰ ਦਾ ਆਖ਼ਰੀ ਦਿਨ ਅੱਜ