ਪਟਿਆਲਾ ਜ਼ਿਲ੍ਹੇ ਦੇ ਸਾਰੇ ਸੂਰ ਫਾਰਮ ਕੰਟੇਨਮੈਂਟ ਜ਼ੋਨ ਘੋਸ਼ਤ
ਗਗਨਦੀਪ ਸਿੰਘ ਅਹੂਜਾ, 30 ਅਗਸਤ: ਜ਼ਿਲ੍ਹਾ ਮੈਜਿਸਟ੍ਰੇਟ ਨੇ ਸੂਰਾਂ 'ਚ ਅਫ਼ਰੀਕਨ ਸਵਾਈਨ ਫੀਵਰ ਬਿਮਾਰੀ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੇ ਸਾਰੇ ਸੂਰ ਫਾਰਮਾਂ ਜਾਂ ਜਿੱਥੇ ਕਿਤੇ ਵੀ ਸੂਰ ਪਾਲੇ ਜਾਂਦੇ ਹਨ, ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਸੂਰਾਂ ਵਿੱਚ ਫੈਲੀ ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਸੂਰ ਫਾਰਮਾਂ ਜਾਂ ਕੋਈ ਵੀ ਜਗ੍ਹਾ ਜਿੱਥੇ 1 ਜਾਂ ਇੱਕ ਤੋਂ ਵੱਧ ਸੂਰ ਪਾਲੇ ਜਾਂਦੇ ਹਨ ਜਾਂ ਰੱਖੇ ਜਾਂਦੇ ਹਨ ਜਾਂ ਕੋਈ ਸੂਰ ਰੱਖਿਆ ਗਿਆ ਹੈ, ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਹੁਕਮ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਹਨ। ਤੁਰੰਤ ਪ੍ਰਭਾਵ ਤੋਂ ਲਾਗੂ ਹੋਏ ਇਨ੍ਹਾਂ ਹੁਕਮਾਂ ਮੁਤਾਬਕ ਸੂਰ ਪਾਲਣ ਵਾਲੀਆਂ ਇਨ੍ਹਾਂ ਥਾਵਾਂ ਤੋਂ ਕਿਸੇ ਵਿਅਕਤੀ/ਵਿਅਕਤੀਆਂ, ਸੂਰਾਂ, ਮਸ਼ੀਨਰੀ ਜਾਂ ਇਸਦੇ ਪੁਰਜ਼ਿਆਂ, ਗ਼ੈਰ-ਪ੍ਰੋਸੈਸ ਕੀਤੇ ਮੀਟ ਜਾਂ ਹੋਰ ਕਿਸੇ ਵੀ ਵਸਤੂ ਜਾਂ ਵਸਤੂਆਂ ਦੀ ਆਵਾਜਾਈ ਦੀ ਅਗਲੇ ਹੁਕਮਾਂ ਤੱਕ ਕੋਈ ਇਜਾਜ਼ਤ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇੱਕਤਰਫ਼ਾ ਪਾਸ ਕੀਤੇ ਇਨ੍ਹਾਂ ਹੁਕਮਾਂ ਮੁਤਾਬਕ ਸੂਰਾਂ ਦੇ ਕਿੱਤੇ ਨਾਲ ਸਬੰਧਤ ਕਿਸਾਨ ਜਾਂ ਸੂਰ ਪਾਲਕ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ 'ਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਹੁਕਮ ਆਪਣੇ ਪਹਿਲਾਂ ਜਾਰੀ ਕੀਤੇ ਗਏ ਹੁਕਮ ਨੰਬਰ 3419-3438/ਐਮ-2 ਮਿਤੀ: 10.08.2022, ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਸੂਰਾਂ 'ਚ ਅਫ਼ਰੀਕਨ ਸਵਾਈਨ ਫੀਵਰ (ਏ.ਐਸ.ਐਫ.) ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਅਫ਼ਰੀਕਨ ਸਵਾਈਨ ਫੀਵਰ ਨੂੰ ਪਸ਼ੂਆਂ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਨ ਐਕਟ 2009 (ਪ੍ਰੀਵੈਨਸ਼ਨ ਆਫ਼ ਕੰਟਰੋਲ ਆਫ਼ ਇਨਫੈਕਸ਼ੀਅਸ਼ ਐਂਡ ਕੰਨਟੇਜੀਅਸ ਡਿਸੀਜ਼ ਇਨ ਐਨੀਮਲਜ਼ ਐਕਟ-2009) ਦੇ ਤਹਿਤ ਸੂਚੀਬੱਧ ਕੀਤਾ ਗਿਆ ਹੈ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੂਰਾਂ ਵਿੱਚ ਅਫ਼ਰੀਕਨ ਸਵਾਈਨ ਫੀਵਰ (ਏਐਸਐਫ) ਦੇ ਫੈਲਾਅ ਨੂੰ ਰੋਕਣ ਲਈ, ਸੀ.ਆਰ.ਪੀ.ਸੀ ਦੀ ਧਾਰਾ 144 ਦੇ ਤਹਿਤ ਮਿਤੀ: 19.08.2022, 24.08.2022 ਤੇ 26.08.2022 ਨੂੰ ਪਹਿਲਾਂ ਵੀ ਹੁਕਮ ਜਾਰੀ ਕੀਤੇ ਗਏ ਸਨ। -PTC News