ਅਲਕਾ ਲਾਂਬਾ ਪੁੱਜੀ ਹਾਈ ਕੋਰਟ : ਐਫਆਈਆਰ ਨੂੰ ਦਿੱਤੀ ਚੁਣੌਤੀ
ਚੰਡੀਗੜ੍ਹ : ਕਵੀ ਕੁਮਾਰ ਵਿਸ਼ਵਾਸ ਤੋਂ ਬਾਅਦ ਹੁਣ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਰੋਪੜ ਵਿੱਚ ਦਰਜ ਐਫਆਈਆਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ 'ਤੇ ਛੇਤੀ ਹੀ ਹਾਈ ਕੋਰਟ 'ਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੋਵਾਂ ਖਿਲਾਫ਼ ਰੋਪੜ ਵਿੱਚ 12 ਅਪ੍ਰੈਲ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਕੁਮਾਰ ਵਿਸ਼ਵਾਸ ਨੇ ਪਹਿਲਾਂ ਹੀ ਇੱਕ ਪਟੀਸ਼ਨ ਦਾਇਰ ਕਰ ਕੇ ਆਪਣੇ ਖਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਹਾਈ ਕੋਰਟ ਨੇ ਅੱਜ ਉਸ ਦੀ ਗ੍ਰਿਫ਼ਤਾਰੀ ਤੇ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਟਿੱਪਣੀ ਕਰਨ ਲਈ ਇਸ ਐਫਆਈਆਰ 'ਚ ਅਲਕਾ ਲਾਂਬਾ ਦਾ ਨਾਂ ਵੀ ਲਿਆ ਗਿਆ ਹੈ। ਹੁਣ ਅਲਕਾ ਲਾਂਬਾ ਨੇ ਆਪਣੇ ਖਿਲਾਫ਼ ਦਰਜ ਕੇਸ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦੀ ਸ਼ਰਨ ਲਈ ਹੈ। ਜ਼ਿਕਰਯੋਗ ਹੈ ਕਿ ਰੋਪੜ ਪੁਲਿਸ ਨੇ 12 ਅਪ੍ਰੈਲ ਨੂੰ ਇੱਕ ਆਮ ਆਦਮੀ ਪਾਰਟੀ ਵਰਕਰ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਸੀ। ਆਮ ਆਦਮੀ ਪਾਰਟੀ ਵਰਕਰ ਨੇ ਸ਼ਿਕਾਇਤ 'ਚ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾ ਰਹੇ ਹਨ। ਕੁਝ ਨਕਾਬਪੋਸ਼ ਬੰਦਿਆਂ ਨੇ 'ਆਪ' ਨੂੰ ਖਾਲਿਸਤਾਨ ਪੱਖੀ ਪਾਰਟੀ ਕਿਹਾ। ਇਹ ਸਭ ਕੁਮਾਰ ਵਿਸ਼ਵਾਸ ਦੇ ਇੰਟਰਵਿਊ ਤੋਂ ਬਾਅਦ ਹੋਇਆ। ਇਸ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੂੰ ਰੋਪੜ ਪੁਲਿਸ ਨੇ ਤਲਬ ਕੀਤਾ ਸੀ। ਲਾਂਬਾ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਕੁਮਾਰ ਵਿਸ਼ਵਾਸ ਦੇ ਬਿਆਨ ਦੀ ਹਮਾਇਤ ਕੀਤੀ ਤੇ ਦਿੱਲੀ ਦੇ ਮੁੱਖ ਮੰਤਰੀ 'ਤੇ ਟਿੱਪਣੀ ਕੀਤੀ। 27 ਅਪ੍ਰੈਲ ਨੂੰ ਅਲਕਾ ਲਾਂਬਾ ਵੀ ਪੁਲਿਸ ਸਾਹਮਣੇ ਪੇਸ਼ ਹੋਣ ਲਈ ਰੋਪੜ ਪੁੱਜੀ ਪਰ ਪੁਲਿਸ ਨੇ ਉਸ ਨੂੰ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ। ਇਹ ਵੀ ਪੜ੍ਹੋ : ਪਟਿਆਲਾ ਟਕਰਾਅ ; ਸਿੰਗਲਾ ਤੇ ਭਾਰਦਵਾਜ ਨੂੰ 14 ਦਿਨ ਦੇ ਨਿਆਂਇਕ ਹਿਰਾਸਤ 'ਚ ਭੇਜਿਆ