ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜ ਕੇ ਸਨਅਤ ਲਾਉਣ ਦੇ ਵਿਰੋਧ 'ਚ ਮੁਜ਼ਾਹਰੇ ਨੂੰ ਹਮਾਇਤ ਕਰੇਗਾ ਅਕਾਲੀ ਦਲ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਮੱਤੇਵਾੜਾ ਜੰਗਲ ਅਤੇ ਨਾਲ ਲੱਗਦੇ ਸਤਲੁਜ ਦਰਿਆ ਦੇ ਹੜ੍ਹਾਂ ਵਾਲੇ ਇਲਾਕੇ ਵਿਚ ਇਕ ਹਜ਼ਾਰ ਏਕੜ ਵਿੱਚ ਟੈਕਸਟਾਈਲ ਪਾਰਕ ਬਣਾਏ ਜਾਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ 50 ਐਨਜੀਓਜ਼ ਦੀ ਪਬਲਿਕ ਐਕਸ਼ਨ ਕਮੇਟੀ ਵੱਲੋਂ 10 ਜੁਲਾਈ ਨੁੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰੇਗਾ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਰੋਸ ਪ੍ਰਦਰਸ਼ਨ ਦੀ ਡਟਵੀਂ ਹਮਾਇਤ ਦਾ ਭਰੋਸਾ ਲਿਆ ਹੈ ਤੇ ਉਹਨਾਂ ਸਾਰੇ ਵਾਤਾਵਰਣ ਪ੍ਰੇਮੀਆਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੁਧਿਆਣਾ ਦੇ ‘ਹਰੇ ਫੇਫੜਿਆਂ’ ਨੂੰ ਬੰਦ ਕਰਨ ਦੇ ਫੈਸਲੇ ਨੂੰ ਰੋਕਣ ਲਈ ਇਕਜੁੱਟ ਹੋ ਜਾਣ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਪ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ 'ਆਪ' ਆਗੂਆਂ ਨੇ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਜਦੋਂ ਵਿਰੋਧੀ ਧਿਰ ਵਿਚ ਸਨ ਤਾਂ ਇਸ ਪ੍ਰਾਜੈਕਟ ਦਾ ਵਿਰੋਧ ਕਰਦੇ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਇਹ ਪ੍ਰਾਜੈਕਟ ਰੱਦ ਕਰਨ ਦੇ ਹੱਕ ਵਿਚ ਸੀ ਅਤੇ ਪਬਲਿਕ ਟੈਕਸ਼ਨ ਕਮੇਟੀ ਜਿਸਨੇ ਈਕੋ ਟੂਰਿਜ਼ਮ ਪ੍ਰਾਜੈਕਟਾਂ ਦਾ ਸੱਦਾ ਦਿੰਦਿਆਂ ਇਨ੍ਹਾਂ ਨੂੰ ਗ੍ਰੀਨ ਮੈਨੀਫੈਸਟੋ ਦਿੱਤਾ ਸੀ ਤਾਂ ਉਦੋਂ ਇਨ੍ਹਾਂ ਆਪ ਆਗੂਆਂ ਨੇ ਸਵੀਕਾਰ ਕੀਤਾ ਸੀ ਪਰ ਹੁਣ ਸੱਤਾ ਵਿਚ ਆਉਣ ਤੋਂ ਬਾਅਦ 'ਆਪ' ਲੀਡਰਸ਼ਿਪ ਨੇ ਇਸ ਮਾਮਲੇ ਵਿਚ ਯੂ ਟਰਨ ਲੈ ਲਿਆ ਹੈ। ਗਰੇਵਾਲ ਨੇ ਕਿਹਾ ਕਿ ਸਰਕਾਰ ਨੂੰ ਇਹ ਟੈਕਸਟਾਈਲ ਪਾਰਕ ਪ੍ਰਾਜੈਕਟ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਬਦਲਵੇਂ ਈਕੋ ਫਰੈਂਡਲੀ ਪ੍ਰਾਜੈਕਟ ਲਿਆਉਣੇ ਚਾਹੀਦੇ ਹਨ ਜੋ ਇਲਾਕੇ ਦੀ ਹਰਿਆਵਲ ਦੇ ਮੁਤਾਬਕ ਹੋਣ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਟੈਕਸਟਾਈਲ ਪਾਰਕ ਬਣਾਉਣ ਦੀ ਆਗਿਆ ਦੇਣ ਨਾਲ ਨਾ ਸਿਰਫ ਸੁਰੱਖਿਅਤ ਜੰਗਲ ਦਾ ਵਾਤਾਵਰਣ ਪ੍ਰਭਾਵਿਤ ਹੋਵੇਗਾ। ਬਲਕਿ ਇਸ ਨਾਲ ਸਤਲੁਜ ਦਰਿਆ ਦਾ ਪਾਣੀ ਵੀ ਗੰਧਲਾ ਹੋ ਜਾਵੇਗਾ ਕਿਉਂਕਿ ਇਸ ਵਿਚ ਪ੍ਰਾਜੈਕਟਾਂ ਦਾ ਗੰਧਲਾ ਪਾਣੀ ਛੱਡਿਆ ਜਾਵੇਗਾ। ਇਸ ਉਸਾਰੂ ਗਤੀਵਿਧੀ ਨਾਲ ਇਲਾਕੇ ਦਾ ਸਰੂਪ ਬਦਲ ਜਾਵੇਗਾ ਤੇ ਇਹ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਰਾਹ ਵਿਚ ਅੜਿੱਕਾ ਵੀ ਬਣੇਗਾ। ਗਰੇਵਾਲ ਨੇ ਕਿਹਾ ਕਿ ਹੈਰਾਨੀ ਹੈ ਕਿ ਕਿਸਾਨਾਂ, ਪਿੰਡਾਂ ਦੀਆਂ ਪੰਚਾਇਤਾਂ ਤੇ ਵਾਤਾਵਰਣ ਮਾਹਿਰਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸਰਕਾਰ ਇਹ ਪ੍ਰਾਜੈਕਟ ਲਾਉਣਾ ਚਾਹੁੰਦੀ ਹੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਹੀ ਗੱਲੋਂ ਔਖੇ ਹਨ ਕਿਉਂਕਿ ਹਜ਼ਾਰਾਂ ਕਿਸਾਨ ਆਪਣੀਆਂ ਪੀਣ ਵਾਲੇ ਪਾਣੀ ਦੀ ਲੋੜ ਦੀ ਪੂਰਤੀ ਸਤਲੁਜ ਦੇ ਦਰਿਆ ਤੋਂ ਕਰਦੇ ਹਨ। ਜਿਸ ਜ਼ਮੀਨ ਉਤੇ ਪ੍ਰਾਜੈਕਟ ਲੱਗਣਾ ਹੈ, ਉਹ ਕਈਆਂ ਦੇ ਜੀਵਨ ਦਾ ਵਸੀਲਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਾਜੈਕਟ ਰੱਦ ਕਰ ਕੇ ਨਵੀਂ ਥਾਂ ਤਬਦੀਲ ਕੀਤਾ ਜਾਵੇ। ਇਹ ਵੀ ਪੜ੍ਹੋ : ਅਮਰੀਕੀ 'ਬੰਦੂਕ ਸੱਭਿਆਚਾਰ' : ਵੱਡੇ ਦੁਖਾਂਤ ਵਾਪਰਨ ਦੇ ਬਾਵਜੂਦ ਜਾਨਾਂ ਜਾਣ ਦਾ ਨਹੀਂ ਰੁਕ ਰਿਹਾ ਵਰਤਾਰਾ