ਏਜੀਟੀਐਫ ਵੱਲੋਂ ਗੈਂਗਸਟਰ ਟੀਨੂੰ ਨੂੰ ਭੱਜਣ 'ਚ ਮਦਦ ਕਰਨ ਦੇ ਦੋਸ਼ ਹੇਠ ਜਿਮ ਮਾਲਕ ਸਣੇ ਤਿੰਨ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿੱਚ ਲੁਧਿਆਣਾ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕੋਹਲੀ, ਰਾਜਵੀਰ ਸਿੰਘ ਉਰਫ ਕਾਜ਼ਮਾ ਤੇ ਰਜਿੰਦਰ ਸਿੰਘ ਉਰਫ ਗੋਰਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ 'ਚੋਂ ਇਕ ਗਗਨਦੀਪ ਸਿੰਘ ਖਹਿਰਾ ਹਾਲੇ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹੈ। ਇੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕੁਲਦੀਪ ਉਰਫ ਕੋਹਲੀ ਪੇਸ਼ੇ ਤੋਂ ਜਿਮ ਦਾ ਮਾਲਕ ਹੈ। ਉਹ ਜਿਮ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ। ਪੁਲਿਸ ਨੇ ਐਤਵਾਰ ਨੂੰ ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਦੋਸਤ ਜਤਿੰਦਰ ਕੌਰ ਨੂੰ ਮੁੰਬਈ ਹਵਾਈ ਅੱਡੇ ਤੋਂ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਮਾਲਦੀਵ ਭੱਜਣ ਦੀ ਤਿਆਰੀ ਕਰ ਰਹੀ ਸੀ। ਉਸ ਦੀ ਗ੍ਰਿਫ਼ਤਾਰੀ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਜਲਦੀ ਹੀ ਇਸ ਮਾਮਲੇ 'ਚ ਸ਼ਾਮਲ ਹੋਰ ਮੁਲਜ਼ਮ ਵੀ ਫੜੇ ਜਾਣਗੇ। ਇਸ ਮਗਰੋਂ ਪੁਲਿਸ ਨੇ ਟੀਨੂੰ ਦੀ ਮਹਿਲਾ ਦੋਸਤ ਅਤੇ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਅਤੇ ਉਸ ਕੋਲੋਂ ਅਹਿਮ ਸੁਰਾਗ ਹਾਸਲ ਕੀਤੇ। ਇਸ ਤੋਂ ਬਾਅਦ ਪੁਲਿਸ ਨੇ ਛੇ ਟੀਮਾਂ ਬਣਾ ਕੇ ਕਈ ਥਾਵਾਂ ਉਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਫੜਿਆ ਗਿਆ ਮੁਲਜ਼ਮ ਟੀਨੂੰ ਦਾ ਕਾਫੀ ਕਰੀਬੀ ਹੈ। ਉਸ ਨੇ ਹੀ ਟੀਨੂੰ ਨੂੰ ਪੁਲਿਸ ਹਿਰਾਸਤ 'ਚੋਂ ਭੱਜਣ 'ਚ ਮਦਦ ਕੀਤੀ ਸੀ। ਪੁਲਿਸ ਘੋਖ 'ਚ ਸਾਹਮਣੇ ਆਇਆ ਹੈ ਕਿ ਟੀਨੂੰ ਨੇ ਪੂਰੀ ਫਿਲਮੀ ਸਟਾਈਲ 'ਚ ਭੱਜਣ ਦੀ ਰਣਨੀਤੀ ਬਣਾਈ ਸੀ। ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵੀ ਪ੍ਰਬੰਧ ਕੀਤੇ ਗਏ ਸਨ ਕਿ ਕੋਈ ਉਸ ਨੂੰ ਦੌੜਦੇ ਸਮੇਂ ਫੜ ਨਾ ਸਕੇ ਤੇ ਉਸ ਦੀ ਪਛਾਣ ਜ਼ਾਹਰ ਨਾ ਹੋਵੇ। ਇਸ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ। 1 ਅਕਤੂਬਰ ਨੂੰ ਉਸ ਨੇ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਸੀ। ਇਸ ਦੇ ਨਾਲ ਹੀ ਪੂਰੀ ਰਣਨੀਤੀ ਨਾਲ ਮਹਿਲਾ ਸਾਥੀ ਨੂੰ ਮਾਨਸਾ ਭੇਜਣ ਲਈ ਕਿਹਾ ਗਿਆ। ਇਸ ਮਗਰੋਂ ਇਸ ਆਪ੍ਰੇਸ਼ਨ 'ਤੇ ਕੰਮ ਸ਼ੁਰੂ ਹੋਇਆ। ਫਿਰ ਰਾਜਵੀਰ ਸਿੰਘ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਰਵਾਨਾ ਹੋ ਗਿਆ। ਇਸ ਦੌਰਾਨ ਕੁਲਦੀਪ ਸਿੰਘ ਨੇ ਉਸ ਨੂੰ ਕੱਪੜੇ ਦਾ ਬੈਗ ਦਿੱਤਾ। ਜਿਸ ਨੂੰ ਲੈ ਕੇ ਉਹ ਦੋਵੇਂ ਜ਼ੀਰਕਪੁਰ ਪਹੁੰਚ ਗਏ। ਫਿਰ ਉਥੋਂ ਮਹਿਲਾ ਦੋਸਤ ਨੂੰ ਨਾਲ ਲੈ ਗਿਆ। ਇਸ ਦੇ ਨਾਲ ਹੀ ਸੀਆਈਏ ਨੇ ਮਾਨਸਾ ਨੇੜੇ ਕੱਪੜਿਆਂ ਦਾ ਬੈਗ ਸੁੱਟ ਦਿੱਤਾ। ਇਸ ਨਾਲ ਉਹ ਅੱਗੇ ਵਧ ਗਿਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ। ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਸਿਪਾਹੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਮੁਲਜ਼ਮ ਕੁਲਦੀਪ ਕੋਹਲੀ ਦੋ ਸਾਲਾਂ ਤੋਂ ਟੀਨੂੰ ਨਾਲ ਜੁੜਿਆ ਹੋਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਕਪੂਰਥਲਾ ਜੇਲ੍ਹ 'ਚ ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਦੋਸਤੀ ਹੋਰ ਗੂੜ੍ਹੀ ਹੋ ਗਈ। ਉਸ ਨੂੰ ਸਾਲ 2021 'ਚ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਿਆ। ਉਦੋਂ ਤੋਂ ਉਹ ਟੀਨੂੰ ਦੇ ਨੈੱਟਵਰਕ ਦਾ ਹਿੱਸਾ ਬਣ ਗਿਆ। ਉਹ ਸਰਹੱਦ ਪਾਰ ਡਰੱਗ ਤਸਕਰੀ ਦਾ ਵੀ ਹਿੱਸਾ ਸੀ। ਮਾਮਲੇ ਦੀ ਜਾਂਚ ਪਟਿਆਲਾ ਰੇਂਜ ਦੇ ਆਈਜੀ ਐਮਐਸ ਛੀਨਾ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਜਾ ਰਹੀ ਹੈ। -PTC News