ਖੇਤੀ ਟੈਕਨੋਕਰੇਟਸ ਨੇ ਪੰਜਾਬ ਸਰਕਾਰ ਦੇ ਪੱਖਪਾਤੀ ਰਵੱਈਏ ਵਿਰੁੱਧ ਸੰਘਰਸ਼ ਦਾ ਬਿਗਲ ਵਜਾਇਆ
ਮੁਹਾਲੀ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਐਗਰੀਕਲਚਰ ਸਰਵਿਸਜ਼ ਰੂਲਜ਼ 2013 ਨੂੰ ਅੱਖੋਂ-ਪਰੋਖੇ ਕਰ ਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਨਾਮਜ਼ਦ ਅਸਾਮੀਆਂ 'ਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀਆਂ ਵੱਡੇ ਪੱਧਰ ਉਤੇ ਬਦਲੀਆਂ ਕਰਨ ਵਿਰੁੱਧ ਰੋਸ ਵਜੋਂ ਸੂਬੇ ਭਰ ਦੇ ਖੇਤੀ ਟੈਕਨੋਕਰੇਟਸ ਵੱਲੋਂ ਕੱਲ੍ਹ ਐਸਏਐਸ ਨਗਰ ਸਥਿਤ ਖੇਤੀ ਭਵਨ ਦੇ ਬਾਹਰ ਵਿਸ਼ਾਲ ਰੋਸ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ "ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ, ਪੰਜਾਬ" ਦੇ ਪ੍ਰਧਾਨ ਅਤੇ ਖੇਤੀਬਾੜੀ, ਬਾਗਬਾਨੀ, ਭੂਮੀ-ਰੱਖਿਆ ਅਤੇ ਪਸ਼ੂ-ਪਾਲਣ ਵਿਭਾਗਾਂ ਵਿੱਚ ਸੇਵਾਵਾਂ ਦੇ ਰਹੇ ਖੇਤੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ "ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ(ਐਗਟੈਕ), ਪੰਜਾਬ" ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਪੱਖਪਾਤੀ ਤੇ ਗ਼ੈਰ ਨਿਯਮਤ ਵਰਤਾਰੇ ਵਿਰੁੱਧ ਸੂਬੇ ਭਰ ਦੇ ਖੇਤੀ ਟੈਕਨੋਕਰੇਟਸ ਵਿੱਚ ਭਾਰੀ ਰੋਸ ਹੈ ਤੇ ਕੱਲ੍ਹ ਦੇ ਸੂਬਾ ਪੱਧਰੀ ਰੋਸ ਧਰਨੇ ਦੀਆਂ ਜ਼ਿਲ੍ਹਿਆਂ ਵਿੱਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹਿੱਤ ਵਿੱਚ ਪੂਰੀ ਤਨਦੇਹੀ ਨਾਲ ਜੰਗੀ ਪੱਧਰ 'ਤੇ ਕੰਮ ਕਰ ਰਹੇ ਖੇਤੀ ਟੈਕਨੋਕਰੇਟਸ ਨੂੰ ਸਰਕਾਰ ਨੇ ਚੁਣੌਤੀ ਦਿੱਤੀ ਹੈ ਤੇ ਖੇਤੀ ਟੈਕਨੋਕਰੇਟਸ ਦਾ ਮਾਣਮੱਤਾ ਸੰਘਰਸ਼ੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕਦੇ ਵੀ ਸਮੇਂ-ਸਮੇਂ ਦੇ ਹਾਕਮਾਂ ਨੇ ਖੇਤੀ ਟੈਕਨੋਕਰੇਟਸ ਦੀ ਹੋਂਦ ਨੂੰ ਵੰਗਾਰਿਆ, ਉਦੋਂ-ਉਦੋਂ ਹੀ ਉਹ ਵੱਡੀਆਂ ਲਾਮਬੰਦੀਆਂ ਕਰ ਕੇ ਸਮੇਂ ਦੇ ਨਿਜ਼ਾਮ ਨਾਲ ਕੇਵਲ ਟਕਰਾਏ ਹੀ ਨਹੀਂ, ਸਗੋਂ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਜੁਝਾਰੂ ਢੰਗ ਨਾਲ ਲੜਦਿਆਂ ਪੂਰੀ ਏਕਤਾ ਤੇ ਠਰ੍ਹੰਮੇ ਨਾਲ ਜਿੱਤਾਂ ਵੀ ਪ੍ਰਾਪਤ ਕੀਤੀਆਂ ਹਨ। ਡਾ. ਸੰਧੂ ਨੇ ਆਖਿਆ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਨਾਮਜ਼ਦ ਅਸਾਮੀਆਂ ਵਿਰੁੱਧ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਬਿਨਾਂ ਕਿਸੇ ਤਰਕ ਦੇ ਬਦਲੀਆਂ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ। ਐਗਟੈਕ ਇਨ੍ਹਾਂ ਬਦਲੀਆਂ ਨੂੰ ਫ਼ੌਰੀ ਤੌਰ ਉਤੇ ਰੱਦ ਕਰਨ ਦੀ ਸਰਕਾਰ ਤੋਂ ਮੰਗ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਇਹ ਬਦਲੀਆਂ ਰੱਦ ਨਹੀਂ ਕਰਦੀ ਤਾਂ ਕੱਲ੍ਹ ਦੇ ਸੂਬਾਈ ਰੋਸ ਧਰਨੇ ਉਪਰੰਤ ਸਮੂਹ ਜਥੇਬੰਦੀਆਂ ਦੀ ਸੂਬਾਈ ਮੀਟਿੰਗ ਕਰ ਕੇ ਅਗਲੇਰੇ ਵਿਆਪਕ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਸਿੱਧੀ-ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਹ ਵੀ ਪੜ੍ਹੋ : 10ਵੀਂ ਦੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ