Agnipath scheme protest: ਅਗਨੀਪਥ ਵਿਰੋਧੀ ਪ੍ਰਦਰਸ਼ਨ 'ਚ ਟਰੇਨ ਨੂੰ ਸਾੜਨ ਕਰਕੇ ਇੱਕ ਵਿਅਕਤੀ ਦੀ ਮੌਤ
Bihar Agneepath Scheme Protest: ਕੇਂਦਰੀ ਫ਼ੌਜ ਦੀ ਅਗਨੀਪਥ ਯੋਜਨਾ ਖ਼ਿਲਾਫ਼ ਬਿਹਾਰ ਤੀਜੇ ਦਿਨ ਵੀ ਭੜਕਿਆ। ਲਖੀਸਰਾਏ 'ਚ ਜਨਸੇਵਾ ਐਕਸਪ੍ਰੈਸ 'ਚ ਅੱਗ ਲੱਗਣ ਕਾਰਨ 25 ਸਾਲਾ ਯਾਤਰੀ ਦੀ ਮੌਤ ਹੋ ਗਈ ਹੈ। ਅੱਗਜ਼ਨੀ ਦੇ ਸਮੇਂ ਉਹ ਟਰੇਨ 'ਚ ਮੌਜੂਦ ਸੀ। ਅੱਗ ਲੱਗਣ ਕਾਰਨ ਉਹ ਝੁਲਸ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨਕਾਰੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਕਈ ਥਾਵਾਂ 'ਤੇ ਅੱਗਜ਼ਨੀ ਵੀ ਕੀਤੀ ਗਈ ਹੈ। ਇਸੇ ਦੌਰਾਨ ਅੱਜ ਬਿਹਾਰ ਦੇ ਲਖੀਸਰਾਏ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਵਿਕਰਮਸ਼ਿਲਾ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲਾ ਦਿੱਤੀ। ਇਸ ਟ੍ਰੇਨ ਦੀਆਂ 12 ਬੋਗੀਆਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ।
ਦਾਨਾਪੁਰ ਡਿਵੀਜ਼ਨ ਦੀਆਂ 55 ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 5 ਟਰੇਨਾਂ ਦੇ ਰੂਟ ਬਦਲੇ ਗਏ ਹਨ। ਇਹ ਜਾਣਕਾਰੀ ਡੀਆਰਐਮ ਪ੍ਰਭਾਤ ਕੁਮਾਰ ਨੇ ਮੀਡੀਆ ਨੂੰ ਦਿੱਤੀ। ਦੂਜੇ ਪਾਸੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਤਿੰਨ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ ਅੱਜ ਸਵੇਰੇ ਅੰਦੋਲਨਕਾਰੀਆਂ ਨੇ ਬਿਹਾਰ ਦੇ ਸਮਸਤੀਪੁਰ ਅਤੇ ਲਖੀਸਰਾਏ ਰੇਲਵੇ ਸਟੇਸ਼ਨਾਂ 'ਤੇ ਵੀ ਭੰਨਤੋੜ ਕੀਤੀ ਅਤੇ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ
ਰਾਜਧਾਨੀ ਪਟਨਾ ਸਮੇਤ 25 ਜ਼ਿਲ੍ਹਿਆਂ ਵਿੱਚ ਭਿਆਨਕ ਦੰਗੇ ਹੋਏ। ਦਾਨਾਪੁਰ ਅਤੇ ਲਖੀਸਰਾਏ ਸਟੇਸ਼ਨਾਂ ਸਮੇਤ ਅੱਧੀ ਦਰਜਨ ਤੋਂ ਵੱਧ ਸਟੇਸ਼ਨਾਂ 'ਤੇ ਅੱਗਜ਼ਨੀ ਕੀਤੀ ਗਈ। 10 ਟਰੇਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ 'ਤੇ ਪਥਰਾਅ ਕੀਤਾ ਗਿਆ। ਕਈ ਥਾਵਾਂ 'ਤੇ ਪੁਲਿਸ ਨੇ ਲਾਠੀਚਾਰਜ ਅਤੇ ਗੋਲੀਬਾਰੀ ਵੀ ਕੀਤੀ।
-PTC News