ਤਰਲ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸਖ਼ਤ ਹੋਇਆ ਏਜੀ ਦਫ਼ਤਰ
ਨੇਹਾ ਸ਼ਰਮਾ, 9 ਸਤੰਬਰ: ਐਡਵੋਕੇਟ ਜਨਰਲ ਪੰਜਾਬ ਵਿਨੋਦ ਘਈ ਦੀ ਨਸ਼ਿਆਂ ਖਿਲਾਫ ਨਵੀਂ ਪਹਿਲਕਦਮੀ ਤਹਿਤ ਹੁਣ ਨਸ਼ੇ ਦੇ ਮੁਲਜ਼ਮ ਆਸਾਨੀ ਨਾਲ ਬਚ ਨਹੀਂ ਸਕਣਗੇ। ਏਜੀ ਵਿਨੋਦ ਘਈ ਨੇ ਇਸ ਬਾਬਤ ਫੋਰੈਂਸਿਕ ਸਾਇੰਸ ਲੈਬਾਰਟਰੀ ਡਿਵੀਜ਼ਨ (Forensic Science Laboratory Division) ਨੂੰ ਪੱਤਰ ਵੀ ਲਿਖਿਆ ਹੈ। ਪੱਤਰ ਵਿਚ ਕਿਹਾ ਗਿਆ ਕਿ ਹੁਣ ਤੋਂ ਤਰਲ ਨਸ਼ੀਲੇ ਪਦਾਰਥ ਦੀ ਮਾਤਰਾ ਨੂੰ ਲੀਟਰ 'ਚ ਨਹੀਂ ਸਗੋਂ ਗ੍ਰਾਮ ਵਿੱਚ ਬਦਲ ਕੇ ਦੱਸਣਾ ਹੋਵੇਗਾ। ਇਸ ਦੇ ਸਬੰਧ ਵਿਚ ਘਈ ਨੇ 3 ਲਾਅ ਅਫਸਰਾਂ ਦੀ ਕਮੇਟੀ ਵੀ ਬਣਾਈ ਹੈ। ਸਾਲ 2019 ਵਿੱਚ ਹਾਈ ਕੋਰਟ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (Narcotic Drugs and Psychotropic Substances Act) ਦੇ ਇੱਕ ਮਾਮਲੇ ਵਿੱਚ ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਤਰਲ ਨਸ਼ੇ ਨੂੰ ਗ੍ਰਾਮ ਵਿਚ ਦੱਸਿਆ ਜਾਵੇ। ਐਨ.ਡੀ.ਪੀ.ਐਸ ਐਕਟ ਤਹਿਤ ਹਰ ਨਸ਼ੇ ਨੂੰ ਗ੍ਰਾਮ ਵਿੱਚ ਹੀ ਦੱਸਣਾ ਪੈਂਦਾ ਹੈ ਕਿਉਂਕਿ ਇਸ ਤੋਂ ਬਾਅਦ ਹੀ ਇਸ ਦੀ ਵਪਾਰਕ ਮਾਤਰਾ ਦਾ ਪਤਾ ਲਗਾਇਆ ਜਾ ਸਕਦਾ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਸੀ। ਇਸ ਬਾਬਤ ਪੰਜਾਬ ਦੇ ਐਡਵੋਕੇਟ ਜਨਰਲ ਅੱਜ ਖੁਦ ਅਦਾਲਤ ਵਿੱਚ ਪੇਸ਼ ਹੋਏ, ਉਨ੍ਹਾਂ ਨਾਲ ਹੀ ਫੋਰੈਂਸਿਕ ਸਾਇੰਸ ਲੈਬਾਰਟਰੀ ਡਿਵੀਜ਼ਨ, ਪੰਜਾਬ ਦੇ ਡਾਇਰੈਕਟਰ ਵੀ ਹਾਜ਼ਰ ਸਨ। ਜਦੋਂ ਵੀ ਕਿਸੇ ਮੁਲਜ਼ਮ ਕੋਲੋਂ ਤਰਲ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਉਹ ਲੀਟਰ ਜਾਂ ਮਿਲੀ ਲੀਟਰ ਵਿੱਚ ਹੁੰਦਾ, ਗ੍ਰਾਮ ਵਿਚ ਨਾ ਹੋਣ ਕਾਰਨ ਐਨ.ਡੀ.ਪੀ.ਐਸ ਐਕਟ ਤਹਿਤ ਇਸ ਦੀ ਵਪਾਰਕ ਮਾਤਰਾ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਜਿਸ ਕਾਰਨ ਮੁਲਜ਼ਮਾਂ ਨੂੰ ਜਲਦੀ ਜ਼ਮਾਨਤ ਮਿਲ ਜਾਂਦੀ ਸੀ। ਪਰ ਹੁਣ ਤੋਂ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਐਫਐਸਐਲ ਨੂੰ ਏ.ਜੀ. ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨਾਲ ਤਾਲਮੇਲ ਰੱਖਣਾ ਹੋਵੇਗਾ। -PTC News