ਮੂਸੇਵਾਲਾ ਦੇ ਕਤਲ ਮਗਰੋਂ 10 ਕਿਲੋਮੀਟਰ ਦੀ ਦੂਰੀ 'ਤੇ ਲੁਕੇ ਰਹੇ ਸ਼ੂਟਰ, ਪੁਲਿਸ ਲੱਭਣ 'ਚ ਰਹੀ ਨਾਕਾਮ!
Sidhu Moosewala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡਾ ਖੁਲਾਸਾ ਕੀਤਾ ਹੈ। ਮੂਸੇਵਾਲਾ ਦੇ ਚਾਰੇ ਕਾਤਲ ਕਤਲ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਖੇਤ ਵਿੱਚ ਇੱਕ ਘੰਟੇ ਤੱਕ ਲੁਕੇ ਰਹੇ। ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਕਾਤਲ ਉਸੇ ਦਿਨ ਹੀ ਫੜੇ ਜਾ ਸਕਦੇ ਸਨ। ਇਸ ਦੌਰਾਨ ਪੀਸੀਆਰ ਕਾਰ ਵੀ ਉਥੋਂ ਲੰਘੀ ਪਰ ਉਹ ਬੋਲੈਰੋ ਦੇ ਕੋਲ ਬਿਨ੍ਹਾਂ ਰੁਕੇ ਹੀ ਚਲੀ ਗਈ। ਦਿੱਲੀ ਪੁਲਿਸ ਨੇ ਇਹ ਸੂਚਨਾ ਪੰਜਾਬ ਪੁਲਿਸ ਨੂੰ ਭੇਜ ਦਿੱਤੀ ਹੈ।
ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਲਿਆਂਦੇ ਗਏ ਹਥਿਆਰ ਵਾਰਦਾਤ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਲੁਕਾਏ ਗਏ ਸਨ। ਇਸ ਦਾ ਜ਼ਿਕਰ ਪੰਜਾਬ ਪੁਲਿਸ ਨੇ ਚਾਰਜਸ਼ੀਟ ਵਿੱਚ ਕੀਤਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸੁਰੱਖਿਆ ਪੱਖੋਂ ਅਣਗਹਿਲੀ ਤੋਂ ਇਲਾਵਾ ਉਸ ਸਮੇਂ ਦੀ ਪੰਜਾਬ ਪੁਲਿਸ ਵੱਲੋਂ ਵੀ ਕਈ ਖਾਮੀਆਂ ਹਨ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਦੀ ਢਿੱਲੀ ਕਾਰਜਕਾਰੀ ਦੇਖਣ ਨੂੰ ਮਿਲੀ ਜਦੋਂ ਮਾਨਸਾ ਪੁਲਿਸ ਵੱਲੋ ਦਾਇਰ ਕੀਤੀ ਚਾਰਜਸ਼ੀਟ ਵਿੱਚ ਸਾਹਮਣੇ ਆਇਆ ਹੈ ਕਿ ਸੂਟਰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਬਾਅਦ ਮਾਨਸਾ ਕੈਚੀਆ ਨਜਦੀਕ ਹੀ ਲੁਕੇ ਰਹੇ। ਚਾਰਜਸ਼ੀਟ ਵਿੱਚ ਪ੍ਰਿਆਵਰਤ ਫੌਜੀ ਤੇ ਕੇਸਵ ਦੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: 1 ਸਤੰਬਰ ਤੋਂ ਵੱਡਾ ਝਟਕਾ! ਟੋਲ-ਟੈਕਸ, ਬੈਂਕਿੰਗ ਅਤੇ ਗੈਸ ਸਿਲੰਡਰ ਸਮੇਤ ਬਦਲਣਗੇ ਇਹ ਸਾਰੇ ਨਿਯਮ
ਦਿੱਲੀ ਪੁਲਿਸ ਮੁਤਾਬਕ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਬੋਲੇਰੋ ਮਾਡਿਊਲ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਹਰਿਆਣਾ ਵੱਲ ਭੱਜ ਗਏ। ਇਸ ਦੌਰਾਨ ਉਹਨਾਂ ਨੇ ਪਿੱਛਿਓਂ ਇੱਕ ਪੀਸੀਆਰ ਗੱਡੀ ਨੂੰ ਆਉਂਦੇ ਦੇਖਿਆ ਜਿਸ ਕਾਰਨ ਉਹ ਰਸਤਾ ਭਟਕ ਕੇ ਪਿੰਡ ਖਿਆਲਾ ਵੱਲ ਚਲੇ ਗਏ। ਉਥੇ ਉਹਨਾਂ ਦੀ ਬੋਲੈਰੋ ਗੱਡੀ ਫਸ ਗਈ। ਉਹ ਬੋਲੈਰੋ ਗੱਡੀ ਛੱਡ ਕੇ ਨਾਲ ਵਾਲੇ ਖੇਤ ਵਿੱਚ ਜਾ ਲੁਕੇ। ਇਸ ਦੌਰਾਨ ਪੀਸੀਆਰ ਕਾਰ ਬਿਨਾਂ ਰੁਕੇ ਉੱਥੋਂ ਚਲੀ ਗਈ।
ਇਸ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਸਹੀ ਢੰਗ ਨਾਲ ਨਾਕਾਬੰਦੀ ਨਹੀਂ ਕੀਤੀ। ਨਾ ਤਾਂ ਮਾਨਸਾ ਨੂੰ ਸੀਲ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ। ਇਸ ਕਾਰਨ ਬੋਲੇਰੋ ਮੋਡੀਊਲ ਦੇ ਚਾਰ ਸ਼ੂਟਰ ਪਹਿਲਾਂ ਹਰਿਆਣਾ ਅਤੇ ਫਿਰ ਗੁਜਰਾਤ ਭੱਜਣ ਵਿੱਚ ਕਾਮਯਾਬ ਹੋ ਗਏ। ਉਧਰ, ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਕਿ ਮੂਸੇਵਾਲਾ ਦੇ ਕਤਲ ਦਾ ਪਤਾ ਲੱਗਦਿਆਂ ਹੀ ਕਤਲ ਵਾਲੀ ਥਾਂ ਅਤੇ ਹਸਪਤਾਲ ’ਤੇ ਹੋਰ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਾ ਦਿੱਤਾ ਜਾਵੇ। ਬੀਤੇ ਦਿਨੀ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਸਮੁੰਦਰ ਦੇ ਕਿਨਾਰੇ ਕਾਤਲਾਂ ਨੇ ਜਸ਼ਨ ਮਨਾਉਣਾ ਦੀ ਫੋਟੋ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਗੌਰਤਲਬ ਹੈ ਕਿ 29 ਮਈ 2022 ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ (Sidhu Moosewala) ਮੂਸੇਵਾਲਾ ਦਾ 28 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ।
-PTC News