ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ
ਅੰਮ੍ਰਿਤਸਰ : ਜੰਡਿਆਲਾ ਗੁਰੂ ਨੇੜੇ ਨਾਕਾ ਤੋੜ ਕੇ ਫ਼ਰਾਰ ਹੋ ਰਹੇ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਕਾਫੀ ਸਮਾਂ ਫਾਇਰਿੰਗ ਹੋਈ ਤੇ ਇਸ ਮਗਰੋਂ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ ਦੋ ਗੁਰਗਿਆਂ ਨੂੰ ਦਬੋਚਣ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੰਡਿਆਲਾ ਨੇੜੇ ਅੰਮ੍ਰਿਤਸਰ ਦਿਹਾਤੀ ਪੁਲਿਸ ਮੁਲਾਜ਼ਮਾਂ ਉਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਨੇ ਦੇਰ ਰਾਤ ਨੂੰ ਗੋਲ਼ੀਬਾਰੀ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਪਾਸਿਆਂ ਤੋਂ 30 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਇਸ ਦੌਰਾਨ ਪੁਲਿਸ ਨੇ 11 ਕਿਲੋਮੀਟਰ ਤੱਕ ਨਾਕਾ ਤੋੜ ਕੇ ਭੱਜ ਰਹੇ ਗੈਂਗਸਟਰਾਂ ਦੇ ਮੋਟਰਸਾਈਕਲ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਇਕ 30 ਬੋਰ ਦਾ ਪਿਸਤੌਲ ਅਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ।
ਐੱਸਐੱਸਪੀ ਦੇਹਾਤੀ ਸਵਪਨਾ ਸ਼ਰਮਾ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਭੇਜ ਸਿੰਘ ਉਰਫ਼ ਬਾਬਾ ਅਤੇ ਸ਼ਮਸ਼ੇਰ ਸਿੰਘ ਉਰਫ਼ ਕਰਨ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੱਗੂ ਗਿਰੋਹ ਦੇ ਗੁਰਗੇ ਇੱਕ ਕਾਰ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਇਸ ਆਧਾਰ ਉਤੇ ਪੁਲਿਸ ਨੇ ਜੰਡਿਆਲਾ ਟੀ ਪੁਆਇੰਟ ਉਪਰ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਇਕ ਮੋਟਰਸਾਈਕਲ ਨੇੜੇ ਆ ਰਿਹਾ ਸੀ ਤਾਂ ਰੁਕਣ ਦਾ ਇਸ਼ਾਰਾ ਕੀਤਾ।
ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਨਾਕਾ ਤੋੜ ਕੇ ਫ਼ਰਾਰ ਹੋ ਗਏ। ਇਸੇ ਦੌਰਾਨ ਨਾਕਾ ਪਾਰਟੀ ਨੇ ਆਪਣੀ ਸਰਕਾਰੀ ਕਾਰ ਸਮੇਤ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਪਿੱਛਾ ਕੀਤਾ। ਗੈਂਗਸਟਰ ਦੇ ਗੁਰਗਿਆਂ ਨੇ ਪਿੱਛਾ ਕਰ ਰਹੀ ਪੁਲਿਸ ਦੀ ਕਾਰ ਉਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਦੀ ਗੱਡੀ 'ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਕੁਝ ਅੱਗੇ ਜਾਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਸਮੇਤ ਮੋਟਰਸਾਈਕਲ ਨੂੰ ਘੇਰ ਲਿਆ। ਦੋਵਾਂ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਤੇ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਕੌਣ ਹਨ ਸਾਬਕਾ ਆਈਪੀਐਸ ਇਕਬਾਲ ਸਿੰਘ ਲਾਲਪੁਰਾ, ਜਿਨ੍ਹਾਂ ਨੂੰ ਸੰਸਦੀ ਬੋਰਡ 'ਚ ਕੀਤਾ ਗਿਆ ਸ਼ਾਮਿਲ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਭੇਜ ਸਿੰਘ ਉਰਫ਼ ਭੀਜਾ ਪੁਲਿਸ ਨੂੰ ਕਤਲ ਦੇ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਸੀ। ਫਿਲਹਾਲ ਪੁਲਿਸ ਸ਼ਮਸ਼ੇਰ ਸਿੰਘ ਦੇ ਪੁਲਿਸ ਰਿਕਾਰਡ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਮਗਰੋਂ ਪੁਲਿਸ ਨੇ ਘਟਨਾ ਵਾਲੀ ਥਾਂ ਉਪਰ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਫ਼ਰਾਰ ਹੋਣ ਸਮੇਂ ਖੇਤਾਂ ਵਿੱਚ ਹੈਰੋਇਨ ਜਾਂ ਹਥਿਆਰ ਸੁੱਟ ਦਿੱਤੇ ਹਨ।