ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰਕਤ 'ਚ ਆਈ ਪੰਜਾਬ ਪੁਲਿਸ
ਸ੍ਰੀ ਅੰਮ੍ਰਿਤਸਰ ਸਾਹਿਬ, 2 ਸਤੰਬਰ: ਸੂਬੇ ਵਿਚ ਆਏ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਪੁਲਿਸ ਹਰਕਤ ਵਿਚ ਆ ਗਈ ਹੈ ਤੇ ਪੁਲਿਸ ਵੱਲੋਂ ਸਾਰੇ ਧਾਰਮਿਕ ਅਸਥਾਨਾਂ 'ਤੇ ਸੀਸੀਟੀਵੀ ਕੈਮਰੇ ਲਾਉਣ ਦੀ ਅਪੀਲ ਕੀਤੀ ਗਈ ਹੈ। ਇਸ ਬਾਬਤ ਅੱਜ ਪੰਜਾਬ ਦੇ ਏ.ਡੀ.ਜੀ.ਪੀ ਡਾ. ਨਰੇਸ਼ ਕੁਮਾਰ ਵੀ ਅੰਮ੍ਰਿਤਸਰ ਸ਼ਹਿਰ ਪਹੁੰਚੇ ਅਤੇ ਧਾਰਮਿਕ ਅਸਥਾਨਾਂ ਦਾ ਦੌਰਾ ਕਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਏ.ਡੀ.ਜੀ.ਪੀ ਦੇ ਨਾਲ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਵੀ ਮੌਜੂਦ ਰਹੇ, ਜਿਨ੍ਹਾਂ ਅੰਮ੍ਰਿਤਸਰ ਦੇ ਸਾਰੇ ਗਿਰਜਾਘਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਮੰਦਰਾਂ ਦਾ ਦੌਰਾ ਕੀਤਾ ਤੇ ਪ੍ਰਬੰਧਕਾਂ ਦੇ ਨਾਲ ਮੁਲਾਕਾਤ ਵੀ ਕੀਤੀ। ਪੁਲਿਸ ਦੀ ਇਹ ਕਾਰਵਾਈ ਪੰਜਾਬ ਦੇ ਜੰਡਿਆਲਾ ਗੁਰੂ 'ਚ ਈਸਾਈ ਭਾਈਚਾਰੇ ਅਤੇ ਸਿੱਖ ਨਿਹੰਗਾਂ ਵਿਚਾਲੇ ਬੁੱਧਵਾਰ ਨੂੰ ਹੋਈ ਝੜਪ ਅਤੇ ਤਰਨਤਾਰਨ ਦੇ ਪੱਟੀ 'ਚ ਸਥਿਤ ਗਿਰਜਾਘਰ ਦੇ ਅੰਦਰ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂ ਵੀ ਤਰਨਤਾਰਨ ਪੁੱਜੇ ਸਨ। ਉੱਥੇ ਹੀ ਅੱਜ ਏ.ਡੀ.ਜੀ.ਪੀ ਅਰੋੜਾ ਵੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗਿਰਜਾਘਰਾਂ ਦਾ ਦੌਰਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਵੱਲੋਂ ਦੋਵੇਂ ਜ਼ਿਲਿਆਂ ਦੇ ਹਰ ਧਾਰਮਿਕ ਅਸਥਾਨ ਦੀ ਬਾਉਂਡਰੀ ਵਾਲ, ਸੀਸੀਟੀਵੀ ਕੈਮਰੇ ਲਗਵਾਉਣ ਅਤੇ ਖ਼ਾਸ ਕਰ ਕੇ ਰਾਤ ਵੇਲੇ ਸੁਰੱਖਿਆ ਕਰਮੀ ਤਾਇਨਾਤ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਵੱਲੋਂ ਗਸ਼ਤ ਵਧਾਉਣ ਤੇ ਸੁਰੱਖਿਆ ਪ੍ਰਬੰਧ ਕਰੜੇ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਦੇ ਡੱਡੂਆਣਾ ਤੇ ਪੱਟੀ ਨੇੜੇ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ। -PTC News