ਰਾਘਵ ਚੱਢਾ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸਤਲੁਜ ਦਰਿਆ ਦੀ ਮਾਈਨਿੰਗ ਸਾਈਟ 'ਤੇ ਮਾਰੀ ਰੇਡ
ਚੰਡੀਗੜ੍ਹ - ਪੰਜਾਬ ਵਿਚ 2022 ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਬੀਤੇ ਦਿਨੀਂ ਰੇਤ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰੂਪਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਮਾਈਨਿੰਗ ਸਾਈਟ 'ਤੇ ਅਚਾਨਕ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਘਵ ਚੱਢਾ ਵੱਲੋਂ ਬੀਤੇ ਦਿਨੀ ਮਾਈਨਿੰਗ ਸਾਈਟ 'ਤੇ ਕੀਤੀ ਗਈ ਛਾਪੇਮਾਰੀ ਦਾ ਕਰਾਰਾ ਜਵਾਬ ਵੀ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਘਵ ਚੱਢਾ ਬਿਨਾਂ ਸਾਡੀ ਇਜਾਜ਼ਤ ਦੇ ਦਿੱਲੀ ਤੋਂ ਇਸ ਹਲਕੇ 'ਚ ਆਏ ਸਨ ਅਤੇ ਸਾਡੇ ਪੰਜਾਬ 'ਚ ਆ ਕੇ ਖਲਲ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨੇਤਾ ਬਿਨਾਂ ਕਿਸੇ ਕਾਰਨ ਆ ਕੇ ਇਥੇ ਖਲਲ ਪਾਉਂਦੇ ਹਨ, ਉਹ ਪਹਿਲਾਂ ਆਪਣੀ ਦਿੱਲੀ ਸੰਭਾਲਣ। ਉਨ੍ਹਾਂ ਨੇ ਕਿਹਾ ਕਿ ਜੇਕਰ ਰੇਤਾ ਸਸਤੀ ਹੈ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਕੌਣ ਵੇਚੇਗਾ। ਉਨ੍ਹਾਂ ਕਿਹਾ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਾਹਰ ਤੋਂ ਆ ਕੇ ਇਥੇ ਝੂਠ ਬੋਲ ਰਹੇ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਨੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਜੋ ਬਾਹਰ ਤੋਂ ਆ ਕੇ ਸਾਨੂੰ ਡਿਕਟੈਟ ਕਰਦੇ ਹਨ, ਉਨ੍ਹਾਂ ਨੂੰ ਨਾ ਰੋਕਿਆ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ, ਜਿੱਥੇ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਹਨ ਪਰ ਬਾਹਰ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ CM ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਹੋਣ ਦਾ ਦਾਅਵਾ ਕਰਦਿਆਂ ਲਾਈਵ ਰੇਡ ਮਾਰੀ ਸੀ। CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਲਾਈਵ ਰੇਡ ਮਾਰਦਿਆਂ ਰਾਘਵ ਚੱਢਾ ਨੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਇੱਥੇ ਸ਼ਰੇਆਮ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜੀ ਥਾਂ 'ਤੇ ਮਾਈਨਿੰਗ ਹੋ ਰਹੀ ਹੈ ਉਹ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ ਤੇ ਜਦੋਂ ਜੰਗਲਾਤ ਅਫ਼ਸਰ ਨੇ ਪਿੰਡ ਦੇ ਐੱਸ. ਐੱਚ. ਓ. ਤੇ ਤਹਿਸੀਲਦਾਰ ਨੂੰ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ 22 ਨਵੰਬਰ 2021 ਨੂੰ ਸ਼ਿਕਾਇਤ ਲਿਖੀ ਤਾਂ ਉਸ ਦੇ ਅਗਲੇ ਹੀ ਦਿਨ ਯਾਨੀ 23 ਨਵੰਬਰ ਨੂੰ ਜੰਗਲਾਤ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ ਸੀ। -PTC News