NIA ਵੱਲੋਂ ਪੁੱਛਗਿੱਛ ਮਗਰੋਂ ਲਾਈਵ ਹੋ ਕੇ ਅਫ਼ਸਾਨਾ ਖ਼ਾਨ ਕੀਤੇ ਅਹਿਮ ਖ਼ੁਲਾਸੇ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਕੌਮੀ ਜਾਂਚ ਏਜੰਸੀ (NIA) ਵੱਲੋਂ ਪੁੱਛਗਿੱਛ ਤੋਂ ਬਾਅਦ ਗਾਇਕਾ ਅਫਸਾਨਾ ਖ਼ਾਨ (Afsana Khan) ਨੇ ਇੰਸਟਾਗ੍ਰਾਮ(Instagram) ਉਤੇ ਲਾਈਵ ਹੋ ਕੇ ਕਈ ਅਹਿਮ ਖ਼ੁਲਾਸੇ ਕੀਤੇ। ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ NIA ਵੱਲੋਂ ਕਰਨ ਦਾ ਸਵਾਗਤ ਕੀਤਾ ਉੱਥੇ ਹੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਨੂੰ ਵੀ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਐਨਆਈਏ ਦੇ ਅਧਿਕਾਰੀ ਉਨ੍ਹਾਂ ਨਾਲ ਕਾਫੀ ਸਲੀਕੇ ਨਾਲ ਪੇਸ਼ ਆਏ। ਉਨ੍ਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ। ਉਨ੍ਹਾਂ ਨੂੰ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ NIA ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਭਰਾ ਸਨ। ਉਸ ਨੇ ਇਨਸਾਫ਼ ਲਈ ਸਾਰਿਆਂ ਦਾ ਸਾਥ ਮੰਗਿਆ। ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਹੁਣ NIA ਕਰ ਰਹੀ ਹੈ। ਬੀਤੇ ਦਿਨ ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖ਼ਾਨ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖ਼ਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਇਸ ਮਗਰੋਂ ਅਫ਼ਸਾਨਾ ਨੇ ਇੰਸਟਾਗ੍ਰਾਮ ਉਪਰ ਸਟੋਰੀ ਸਾਂਝੀ ਕਰਕੇ ਲਾਈਵ ਹੋਣ ਦੀ ਗੱਲ ਆਖੀ ਸੀ। ਉਸ ਤੋਂ ਬਾਅਦ ਅਫ਼ਸਾਨਾ ਖ਼ਾਨ ਅੱਜ ਲਾਈਵ ਹੋਈ ਤੇ ਦੱਸਿਆ ਕਿ ਐਨਆਈਏ ਨੇ ਉਸ ਕੋਲੋਂ ਜਾਂਚ ਦੌਰਾਨ ਕਿਹੜੇ-ਕਿਹੜੇ ਸਵਾਲ ਪੁੱਛੇ ਹਨ। ਅਫ਼ਸਾਨਾ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਉਸ ਕੋਲੋਂ ਸਾਫ਼ ਸੁਥਰੇ ਤੇ ਬੜੇ ਸਲੀਕੇ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਐਨਆਈਏ ਨੇ ਉਸ ਨਾਲ ਨਾ ਤਾਂ ਕੋਈ ਬਦਸਲੂਕੀ ਕੀਤੀ ਤੇ ਨਾ ਹੀ ਕੋਈ ਧੱਕੇਸ਼ਾਹੀ ਕੀਤੀ। ਅਫ਼ਸਾਨਾ ਖ਼ਾਨ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਉਸ ਨੂੰ ਪੁੱਛਿਆ ਕਿ ਸਿੱਧੂ ਮੂਸੇਵਾਲਾ ਨਾਲ ਉਸ ਦੀ ਜਾਣ ਪਛਾਣ ਕਿਵੇਂ ਹੋਈ? ਦੋਵਾਂ ਦਾ ਰਿਸ਼ਤਾ ਕਿੰਨਾ ਕੁ ਡੂੰਘਾ ਸੀ? ਉਨ੍ਹਾਂ ਦੀ ਸਿੱਧੂ ਨਾਲ ਆਖਰੀ ਵਾਰ ਗੱਲ ਕਦੋਂ ਹੋਈ ਸੀ? ਕਿੰਨੇ ਟਾਈਮ ਤੋਂ ਸਿੱਧੂ ਮੂਸੇਵਾਲਾ ਨੂੰ ਜਾਣਦੇ ਸੀ? ਪਹਿਲਾ ਗਾਣਾ ਕਿਵੇਂ ਮਿਲਿਆ ਸੀ? ਆਉਣ ਵਾਲੇ ਪ੍ਰੋਜੈਕਟ ਕਿਹੜੇ ਹਨ? ਇਸ ਤਰ੍ਹਾਂ ਦੇ ਸਵਾਲ ਜਾਂਚ ਅਧਿਕਾਰੀਆਂ ਨੇ ਅਫ਼ਸਾਨਾ ਖਾਨ ਤੋਂ ਪੁੱਛੇ। ਜਿਨ੍ਹਾਂ ਦਾ ਖੁਲਾਸਾ ਅਫ਼ਸਾਨਾ ਖਾਨ ਨੇ ਖੁਦ ਲਾਈਵ ਹੋ ਕੇ ਕੀਤਾ। ਅਫ਼ਸਾਨਾ ਖ਼ਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਭਰਾ ਸੀ ਤੇ ਰਹੇਗਾ। ਸਾਡੀ ਗਾਇਕੀ ਦਾ ਜ਼ੋਨ ਇਕ ਸੀ, ਇਸ ਕਰਕੇ ਸਾਡਾ ਪਿਆਰ ਜ਼ਿਆਦਾ ਸੀ। ਕੁੜੀਆਂ ਦੀ ਬਾਈ ਹਮੇਸ਼ਾ ਇੱਜ਼ਤ ਕਰਦਾ ਸੀ। ਮੈਂ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕਰਦੀ ਰਹਾਂਗੀ, ਇਹ ਕੋਈ ਮਤਲਬ ਲਈ ਨਹੀਂ ਹੈ ਜਾਂ ਰੋਟੀ ਸੇਕਣ ਲਈ ਨਹੀਂ ਹੈ। ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਨੇ ਲਾਲਪੁਰਾ ਨਾਲ ਕੀਤੀ ਮੁਲਾਕਾਤ ਅਫਸਾਨਾ ਖ਼ਾਨ ਨੇ ਕਿਹਾ ਕਿ ਸਾਡੀ 5-6 ਘੰਟੇ ਪੁੱਛਗਿੱਛ ਹੋਈ, ਸਾਡੇ ਵਿਚ ਜੋ ਗੱਲਬਾਤ ਹੋਈ, ਉਹ ਸਿਰਫ਼ ਮੈਨੂੰ ਤੇ ਐਨਆਈਏ ਨੂੰ ਪਤਾ ਕਿਸੇ ਹੋਰ ਬੰਦੇ ਨੂੰ ਇਸ ਬਾਰੇ ਨਹੀਂ ਪਤਾ। ਮੈਂ ਖ਼ੁਸ਼ ਹਾਂ ਕਿ ਇਸ ਸੱਚੀ ਏਜੰਸੀ ਕੋਲ ਬਾਈ ਦੇ ਕਤਲ ਦੀ ਜਾਂਚ ਚਲੀ ਗਈ। ਮੀਡੀਆ ਬਾਰੇ ਬੋਲਦਿਆਂ ਅਫਸਾਨਾ ਨੇ ਕਿਹਾ ਕਿ ਸਿੱਧੂ ਬਾਈ ਮੈਨੂੰ ਧੀ ਵਾਲਾ, ਭੈਣ ਵਾਲਾ ਪਿਆਰ ਕਰਦਾ ਸੀ। ਮੈਂ ਵੀ ਇਕ ਭੈਣ ਦਾ ਫਰਜ਼ ਨਿਭਾਇਆ। ਮੀਡੀਆ ਨੂੰ ਬੇਨਤੀ ਹੈ ਕਿ ਝੂਠੀਆਂ ਅਫ਼ਵਾਹਾਂ ਨਾ ਫੈਲਾਉ। ਮੈਂ ਬਾਈ ਦੇ ਪਰਿਵਾਰ ਨਾਲ ਹਾਂ ਤੇ ਅੱਗੇ ਵੀ ਰਹਾਂਗੀ। ਮੇਰਾ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਹੈ। ਇਸ ਤੋਂ ਇਲਾਵਾ ਉਸ ਨੇ ਅਫਵਾਹਾਂ ਨਾ ਫੈਲਾਉਣ ਦੀ ਬੇਨਤੀ ਕੀਤੀ। -PTC News