PFI 'ਤੇ ਪਾਬੰਦੀ ਮਗਰੋਂ ਕਾਂਗਰਸ ਆਗੂ ਨੇ RSS 'ਤੇ ਪ੍ਰਤਿਬੰਧ ਲਾਉਣ ਦੀ ਕੀਤੀ ਮੰਗ
ਨਵੀਂ ਦਿੱਲੀ, 28 ਸਤੰਬਰ: ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੇ ਪਾਪੂਲਰ ਫਰੰਟ ਆਫ ਇੰਡੀਆ (PFI) 'ਤੇ ਪਾਬੰਦੀ ਲੱਗਣ ਤੋਂ ਬਾਅਦ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਸੁਰੇਸ਼ ਨੇ ਮੰਗ ਕੀਤੀ ਹੈ ਕਿ PFI ਵਾਂਗ RSS ’ਤੇ ਵੀ ਪਾਬੰਦੀ ਲਗਾਈ ਜਾਵੇ। ਕੇ ਸੁਰੇਸ਼ ਦਾ ਕਹਿਣਾ ਕਿ RSS ਸੰਘ ਵੀ ਪੂਰੇ ਦੇਸ਼ 'ਚ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਦਾ ਕੰਮ ਕਰ ਰਿਹਾ ਹੈ ਜੋ ਕਿ PFI ਵਾਂਗ ਹੀ ਹੈ, ਇਸ ਲਈ ਇਸ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਵੀ 2018 ਵਿੱਚ RSS ਖ਼ਿਲਾਫ਼ ਵਿਵਾਦਤ ਬਿਆਨ ਦਿੱਤੇ ਸਨ। ਦਿਗਵਿਜੇ ਸਿੰਘ ਨੇ ਕਿਹਾ ਸੀ ਕਿ ਹੁਣ ਤੱਕ ਜਿੰਨੇ ਵੀ ਹਿੰਦੂ ਅੱਤਵਾਦੀ ਸਾਹਮਣੇ ਆਏ ਹਨ, ਉਹ RSS ਨਾਲ ਜੁੜੇ ਹੋਏ ਸਨ। ਇਸ ਦੇ ਨਾਲ ਉਨ੍ਹਾਂ ਕਿਹਾ ਸੀ ਕਿ ਸੰਘ ਖ਼ਿਲਾਫ਼ ਜਾਂਚ ਕਰਵਾਈ ਜਾਵੇ ਅਤੇ ਫਿਰ ਕਾਰਵਾਈ ਵੀ ਕੀਤੀ ਜਾਵੇ। ਕੇਂਦਰ ਸਰਕਾਰ ਨੇ PFI ਅਤੇ ਕਈ ਹੋਰ ਸਬੰਧਤ ਸੰਗਠਨਾਂ 'ਤੇ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਨੋਟੀਫਿਕੇਸ਼ਨ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੁੱਝ PFI ਕਾਰਕੁੰਨ ਇਸਲਾਮਿਕ ਸਟੇਟ ਆਫ ਇਰਾਕ ਅਤੇ ਸੀਰੀਆ ਵਿੱਚ ਸ਼ਾਮਲ ਹੋਏ ਅਤੇ ਉੱਥੇ ਅੱਤਵਾਦੀ ਗਤੀਵਿਧੀਆਂ ਵਿੱਚ ਹਿੱਸਾ ਲਿਆ। ਭਾਰਤ ਵਿੱਚ ਇਹ ਇੱਕ ਕਾਲਜ ਦੇ ਪ੍ਰੋਫੈਸਰ ਦੇ ਅੰਗ ਕੱਟਣ ਵਰਗੀਆਂ ਹਿੰਸਕ ਕਾਰਵਾਈਆਂ ਵਿੱਚ ਵੀ ਸ਼ਾਮਲ ਸੀ। ਇਹ ਵੀ ਪੜ੍ਹੋ: ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਇੱਥੇ ਦੱਸਣਾ ਬਣਦਾ ਹੈ ਕਿ RSS ਸੰਘ 'ਤੇ ਪਹਿਲਾਂ ਵੀ 3 ਵਾਰ ਪਾਬੰਦੀ ਲਗਾਈ ਜਾ ਚੁੱਕੀ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ 1948 ਵਿੱਚ ਪਹਿਲੀ ਵਾਰ ਇਸ 'ਤੇ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ ਕਰੀਬ 2 ਸਾਲ ਤੱਕ ਚੱਲੀ ਸੀ। ਸੰਘ 'ਤੇ ਦੂਜੀ ਪਾਬੰਦੀ 1975 ਵਿੱਚ ਅੰਦਰੂਨੀ ਐਮਰਜੈਂਸੀ ਦੌਰਾਨ ਲਗਾਈ ਗਈ ਸੀ। ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ। ਸਾਲ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ RSS ਉੱਤੇ ਤੀਜੀ ਵਾਰ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ ਕਰੀਬ 6 ਮਹੀਨਿਆਂ ਤੱਕ ਜਾਰੀ ਰਹੀ ਸੀ। -PTC News