ਗੁਆਂਢੀਆਂ ਨਾਲ ਕੂੜੇ ਕਾਰਨ ਹੋਏ ਵਿਵਾਦ ਪਿੱਛੋਂ ਜੀਜੇ ਦਾ ਸਿਰ ਪਾੜਿਆ ਤੇ ਸਾਲੇ ਦੀ ਬਾਂਹ ਤੋੜੀ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਦੇ ਇੰਦਰਾ ਕਲੋਨੀ ਵਿਖੇ ਅੱਜ ਸਵੇਰੇ ਗੁਆਂਢੀਆਂ ਵਿਚਾਲੇ ਕੂੜੇ ਨੂੰ ਲੈ ਜ਼ਬਰਦਸਤ ਝਗੜਾ ਹੋ ਗਿਆ। ਲੜਾਈ ਇੰਨੀ ਵਧ ਗਈ ਜਿਸ ਕਾਰਨ ਇਕ ਵਿਅਕਤੀ ਦਾ ਸਿਰ ਪਾੜ ਦਿੱਤਾ ਤੇ ਦੂਜੇ ਦੀ ਬਾਂਹ ਤੋੜ ਦਿੱਤੀ ਗਈ। ਦੋਵਾਂ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਨ੍ਹਾਂ ਦਾ ਹਸਪਤਾਲ ਵਿਚ ਚੱਲ ਇਲਾਜ ਰਿਹਾ ਹੈ। ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸ਼ਵਨੀ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇੰਦਰਾ ਕਲੋਨੀ ਵਿਚ ਰਹਿੰਦਾ ਹੈ ਤੇ ਅੱਜ ਸਵੇਰੇ ਉਸ ਦੇ ਗੁਆਂਢੀਆਂ ਨੇ ਆਪਣਾ ਬੂਹਾ ਸਾਫ ਕਰਕੇ ਸਾਰਾ ਕੂੜਾ ਉਸ ਦੇ ਬੂਹੇ ਅੱਗੇ ਕਰ ਦਿੱਤਾ। ਜਦੋਂ ਇਸ ਬਾਰੇ ਗੁਆਂਢੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤੇ ਵੇਖਦੇ ਹੀ ਵੇਖਦੇ ਗੁਆਂਢੀਆਂ ਨੇ ਇੱਟ ਚੁੱਕ ਕੇ ਉਸ ਦੇ ਸਿਰ ਵਿੱਚ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਦੋਂ ਉਸ ਦਾ ਸਾਲਾ ਉਸ ਦਾ ਪਤਾ ਲੈਣ ਆਇਆ ਤੇ ਉਸ ਨੇ ਗੁਆਂਢੀਆਂ ਨਾਲ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਗੁਆਂਢੀਆਂ ਦੇ ਮੁੰਡੇ ਨੇ ਉਸ ਸਾਲੇ ਦੇ ਰਾਡਾਂ ਮਾਰ ਕੇ ਉਸ ਦੀ ਬਾਂਹ ਤੋੜ ਦਿੱਤੀ। ਇਸ ਕਾਰਨ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਬਠਿੰਡਾ 'ਚ 'ਸੁੰਦਰਤਾ ਮੁਕਾਬਲੇ' ਦੇ ਲੱਗੇ ਪੋਸਟਰਾਂ ਦੇ ਮਾਮਲੇ 'ਚ ਪਿਓ-ਪੁੱਤ ਗ੍ਰਿਫ਼ਤਾਰ ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਲਾਕਾ ਇੰਦਰਾ ਕਲੋਨੀ ਵਿਚ ਅਸ਼ਵਨੀ ਕੁਮਾਰ ਦਾ ਕੂੜੇ ਨੂੰ ਲੈ ਕੇ ਆਪਣੇ ਗੁਆਂਢੀਆਂ ਨਾਲ ਝਗੜਾ ਹੋ ਗਿਆ ਹੈ ਤੇ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ ਤੇ ਜੋ ਵੀ ਮੈਡੀਕਲ ਰਿਪੋਰਟ ਤੇ ਉਸ ਮਗਰੋਂ ਜਾਂਚ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। -PTC News