ਨਾਜਾਇਜ਼ ਮਾਈਨਿੰਗ 'ਤੇ ਕਾਰਵਾਈ; ਪੰਜਾਬ-ਹਿਮਾਚਲ ਸਰਹੱਦ 'ਤੇ ਕਰੱਸ਼ਰ ਮਾਲਕ ਗ੍ਰਿਫ਼ਤਾਰ
ਹੁਸ਼ਿਆਰਪੁਰ : ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ। ਤਲਵਾੜਾ ਪੁਲਿਸ ਨੇ ਪੰਜਾਬ-ਹਿਮਾਚਲ ਸਰਹੱਦ ਉਤੇ ਵੱਡੀ ਕਾਰਵਾਈ ਕਰਦੇ ਹੋਏ ਇਕ ਕਰੱਸ਼ਰ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੂਜੇ ਫਰਾਰ ਕਰੱਸ਼ਰ 'ਤੇ ਚੱਲ ਰਹੀ ਮਸ਼ੀਨਰੀ ਵੀ ਜ਼ਬਤ ਕਰ ਲਈ ਹੈ। ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਦੀ ਤਲਵਾੜਾ ਪੁਲਸ ਨੇ ਐੱਸ.ਐੱਚ.ਓ ਤਲਵਾੜਾ ਹਰਗੁਰਦੇਵ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ ਓਮ ਪ੍ਰਕਾਸ਼, ਸੁਨੀਲ ਸ਼ਰਮਾ ਅਤੇ ਅਜੇ ਪਾਂਡੇ ਸਮੇਤ ਜੇ.ਈ.ਕਮ ਮਾਈਨਿੰਗ ਇੰਸਪੈਕਟਰ ਕੋਲ ਪਹੁੰਚ ਕੇ ਸ਼ਿਕਾਇਤ ਦੇ ਆਧਾਰ 'ਤੇ ਹਿਮਾਚਲ ਪੰਜਾਬ ਦੀ ਸਰਹੱਦ ਉਤੇ ਚੱਲਦੇ ਕਰੱਸ਼ਰ ਨੂੰ ਚੈਕ ਕਰਨ ਪੁੱਜੇ। ਇਹ ਕਰੱਸ਼ਰ ਤਲਵਾੜਾ ਦੀ ਹੱਦ ਵਸਤ 604 ਵਿੱਚ ਸਨ। ਜਦੋਂ ਸਰਕਾਰੀ ਗੱਡੀ ਮੌਕੇ ਉਤੇ ਪੁੱਜੀ ਤਾਂ ਉਥੇ ਚੱਲ ਰਹੇ ਵਾਹਨਾਂ ਦੇ ਚਾਲਕ ਫ਼ਰਾਰ ਹੋ ਗਏ ਪਰ ਕਰੱਸ਼ਰ ਮਾਲਕ ਮਨੋਜ ਕੁਮਾਰ ਉਰਫ਼ ਰਿੰਕੂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਅਤੇ ਨਾਲ ਹੀ ਕਰੱਸ਼ਰ ਉਤੇ ਚੱਲ ਰਹੀ ਮਸ਼ੀਨਰੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਦੂਜੇ ਕਰੱਸ਼ਰ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਟੀਮ ਨੇ ਮਨੋਜ ਕੁਮਾਰ ਨੂੰ ਕਰੱਸ਼ਰ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਪਰ ਉਸ ਕੋਲ ਤਲਵਾੜਾ ਵਿੱਚ ਚੱਲ ਰਹੇ ਕਰੱਸ਼ਰ ਦਾ ਕੋਈ ਦਸਤਾਵੇਜ਼ ਹਾਸਲ ਨਹੀਂ ਹੋ ਸਕਿਆ। ਇਸ ਤੋਂ ਬਾਅਗ ਕਰੱਸ਼ਰ ਮਾਲਕ ਦੇ ਖਿਲਾਫ 21 (1) ਮਾਈਨਿੰਗ ਮਿਨਰਲ ਐਕਟ 1957, ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਅਮਨ ਅਰੋੜਾ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੈਦਾਨ 'ਚ ਉਤਰਨ ਲਈ ਤਿਆਰ