ਨਿੱਜੀ ਸਕੂਲ 'ਚ ਬੱਚੀ ਨਾਲ ਜਬਰ-ਜਨਾਹ ਦਾ ਦੋਸ਼; ਭੜਕੇ ਲੋਕਾਂ ਨੇ ਧਰਨਾ ਦਿੱਤਾ
ਗੁਰਦਾਸਪੁਰ : ਗੁਰਦਾਸਪੁਰ 'ਚ ਚਾਰ ਸਾਲਾ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਨਾਲ ਉਸ ਪ੍ਰਾਈਵੇਟ ਸਕੂਲ ਵਿੱਚ ਛੇੜਛਾੜ ਕੀਤੀ ਗਈ ਜਿੱਥੇ ਉਹ ਪੜ੍ਹਦੀ ਹੈ। ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਸੰਗਠਨਾਂ ਨੇ ਸਵੇਰੇ ਮੁਲਜ਼ਮ ਦੀ ਗ੍ਰਿਫਤਾਰੀ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਹਾਈਵੇ ਜਾਮ ਕਰ ਦਿੱਤਾ। ਇਸ ਦੌਰਾਨ ਮੌਕੇ ਉਤੇ ਪੁਲਿਸ ਪੁੱਜ ਗਈ ਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਸਨ। ਧਰਨਾਕਾਰੀ ਕਾਰਵਾਈ ਦੀ ਮੰਗ ਕਰ ਰਹੇ ਸਨ। ਸ਼ਹਿਰ ਦੇ ਬਾਹਰਵਾਰ ਬਟਾਲਾ ਰੋਡ ਉਤੇ ਨਿੱਜੀ ਸਕੂਲ 'ਚ ਪੜ੍ਹਦੀ ਚਾਰ ਸਾਲ ਦੀ ਬੱਚੀ ਨਾਲ ਕਥਿਤ ਜਬਰ-ਜਨਾਹ ਹੋਣ ਮਗਰੋਂ ਇਸ ਬੱਚੀ ਦੇ ਮਾਤਾ-ਪਿਤਾ ਤੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਵੱਲੋਂ ਧਰਨਾ ਲਗਾ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਬੱਚੀ ਨਾਲ ਸਕੂਲ ਅੰਦਰ ਜਬਰ ਜਨਾਹ ਹੋਇਆ ਹੈ। ਪੁਲਿਸ ਵੱਲੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਨ ਬਾਅਦ ਵੀ ਪ੍ਰਦਰਸ਼ਨਕਾਰੀ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਕੂਲ ਬੰਦ ਕਰਨ ਦੀ ਮੰਗ ਕਰਦੇ ਰਹੇ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਇਸ ਸਕੂਲ ਵਿੱਚ ਐੱਲਕੇਜੀ 'ਚ ਪੜ੍ਹਦੀ ਹੈ। ਕਰੀਬ ਢਾਈ ਵਜੇ ਉਹ ਆਪਣੀ ਬੇਟੀ ਨੂੰ ਸਕੂਲ ਤੋਂ ਘਰ ਲੈ ਕੇ ਆਈ ਸੀ। ਰਾਤ ਨੂੰ ਸੌਣ ਸਮੇਂ ਉਸ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ। ਬੇਟੀ ਦੀ ਖ਼ਰਾਬ ਹਾਲਤ ਨੂੰ ਵੇਖਦਿਆਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਜਾਂਚ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਜਬਰ ਜਨਾਹ ਹੋਇਆ ਹੈ। ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਬੇਟੀ ਨਾਲ ਸਕੂਲ ਦੇ ਹੀ ਕਿਸੇ ਕਰਮਚਾਰੀ ਨੇ ਹਰਕਤ ਕੀਤੀ ਹੈ। ਮੌਕੇ ਉਤੇ ਪੁੱਜੇ ਡੀਐੱਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਗੱਲ ਸੁਣੀ ਗਈ ਹੈ। ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਮਗਰੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਸਕੂਲ ਵਿੱਚ ਲੱਗੇ ਕਿਸੇ ਵੀ ਸੀਸੀਟੀਵੀ ਕੈਮਰੇ ਵਿੱਚ ਐਸੀ ਕੋਈ ਹਰਕਤ ਨਜ਼ਰ ਨਹੀਂ ਆਈ। ਸ਼ਾਮ ਤੱਕ ਪ੍ਰਦਰਸ਼ਨਕਾਰੀਆਂ ਦਾ ਧਰਨਾ ਜਾਰੀ ਸੀ ਤੇ ਪੁਲਿਸ ਬੱਚੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਗਈ। ਇਥੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀ। ਇਹ ਵੀ ਪੜ੍ਹੋ : ਬਜ਼ੁਰਗ ਨੇ 'ਬਾਹੂਬਲੀ' ਵਾਲਾ ਹੈਰਾਨੀਜਨਕ ਸੀਨ ਦੁਹਰਾਇਆ ! ਆਈਪੀਐਸ ਅਫਸਰ ਨੇ ਕੀਤਾ ਟਵੀਟ