2 ਕਿਲੋ 50 ਗ੍ਰਾਮ ਹੈਰੋਇਨ, 8 ਲੱਖ ਰੁਪਏ ਦੀ ਡਰੱਗ ਮਨੀ, 8 ਕਾਰਾਂ ਸਮੇਤ ਮੁਲਜ਼ਮ ਕਾਬੂ
ਲੁਧਿਆਣਾ : ਪੰਜਾਬ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਜ ਵੱਡੀ ਸਫਲਤਾ ਹੱਥ ਲੱਗੀ। ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਇਕ ਐਕਟਿਵਾ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿਚੋਂ 1 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਹੋਰ 800 ਗ੍ਰਾਮ ਹੈਰੋਇਨ, 8 ਲੱਖ ਰੁਪਏ ਦੀ ਡਰੱਗ ਮਨੀ, 8 ਲਗਜ਼ਰੀ ਗੱਡੀਆਂ, 6 ਦੋਪਹੀਆ ਵਾਹਨ ਬਰਾਮਦ ਹੋਏ ਹਨ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਨਾਕੇਬੰਦੀ ਦੌਰਾਨ ਜਦੋਂ ਇਕ ਐਕਟਿਵਾ ਸਵਾਰ ਆਕਾਸ਼ ਚੋਪੜਾ ਨਾਮ ਦੇ ਨੌਜਵਾਨ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਦੀ ਸਕੂਟਰੀ ਵਿੱਚੋਂ 1 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਉਤੇ ਉਸ ਦੇ ਘਰੋਂ ਹੋਰ 800 ਗ੍ਰਾਮ ਹੋਰ ਹੈਰੋਇਨ, 8 ਲੱਖ ਰੁਪਏ ਦੀ ਡਰੱਗ ਮਨੀ, 8 ਲਗਜ਼ਰੀਆਂ ਗੱਡੀਆਂ ਅਤੇ 6 ਦੋਪਹੀਆ ਵਾਹਨ ਵੀ ਬਰਾਮਦ ਹੋਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਕਰੀਬ 8 ਸਾਲ ਤੋਂ ਨਸ਼ਾ ਤਸਕਰੀ ਦੇ ਗ਼ੈਰਕਾਨੂੰਨੀ ਕਾਰੋਬਾਰ ਦੇ ਵਿੱਚ ਲਿਪਤ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਵਾਲੇ ਪਾਸਿਓਂ ਹੈਰੋਇਨ ਲਿਆ ਕੇ ਲੁਧਿਆਣਾ ਵਿਚ ਆਪਣੇ ਗਾਹਕਾਂ ਨੂੰ ਵੇਚਦਾ ਸੀ ਜਿਸ ਤੋਂ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ NIA ਦਾ ਡਾਇਰੈਕਟਰ ਜਨਰਲ ਕੀਤਾ ਨਿਯੁਕਤ