ਪੈਟਰੋਲ ਪੰਪ ਲੁੱਟਣ ਲਈ ਅਕਾਊਂਟੈਂਟ ਨੇ ਰਚੀ ਆਪਣੇ ਆਪ ਨੂੰ ਅਗਵਾ ਕਰਨ ਦੀ ਸਾਜ਼ਿਸ਼
ਲਹਿਰਾਗਾਗਾ, 4 ਅਗਸਤ: ਫਿਲਮੀ ਸਟਾਈਲ 'ਚ ਆਪਣੇ ਆਪ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚ, ਪਿਛਲੇ 8 ਸਾਲਾਂ ਤੋਂ ਪੈਟਰੋਲ ਪੰਪ 'ਤੇ ਕੰਮ ਕਰਦੇ ਅਕਾਊਂਟੈਂਟ ਨੇ ਆਪਣੇ ਹੀ ਬੌਸ ਦੇ 17,25,000 ਰੁਪਏ ਲੁੱਟ ਲਏ। ਪਤਨੀ ਨੇ ਪੁਲਿਸ ਨੂੰ ਆਪਣੇ ਪਤੀ ਦੇ ਅਗਵਾ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ ਉਸਨੂੰ ਕਿਸੇ ਨੇ ਸਣੇ ਪੈਸੇ ਅਗਵਾ ਕਰ ਲਿਆ ਹੈ। ਪੁਲਿਸ ਨੂੰ ਮਾਮਲੇ ’ਤੇ ਉਸ ਵੇਲੇ ਸ਼ੱਕ ਹੋਇਆ ਜਦੋਂ ਉਸ ਦੀ ਪਤਨੀ ਬਿਆਨ ਦਰਜ ਕਰਨ ਤੋਂ ਟਾਲਾ ਵੱਟਣ ਲੱਗੀ। ਪ੍ਰੇਮ ਸਿੰਘ ਨਾਂ ਦਾ ਇਹ ਨੌਜਵਾਨ ਪਿਛਲੇ 8 ਸਾਲਾਂ ਤੋਂ ਸੰਗਰੂਰ ਦੇ ਲਹਿਰਾਗਾਗਾ ਨੇੜੇ ਸ਼ਿਵਮ ਫਿਲਿੰਗ ਸਟੇਸ਼ਨ 'ਤੇ ਕੰਮ ਕਰ ਰਿਹਾ ਸੀ ਅਤੇ ਹਰ ਵਾਰ ਦੀ ਤਰ੍ਹਾਂ ਪੈਟਰੋਲ ਪੰਪ 'ਤੇ ਆਉਣ ਵਾਲੇ ਤੇਲ ਟੈਂਕਰਾਂ ਦਾ ਭੁਗਤਾਨ ਕਰਦਾ ਸੀ। ਪਰ 1 ਅਗਸਤ ਨੂੰ ਪ੍ਰੇਮ ਦੁਪਹਿਰ ਸਮੇਂ ਆਪਣੇ ਪੰਪ ਮਾਲਕ ਤੋਂ ਤੇਲ ਲਈ 15 ਲੱਖ 25 ਹਜ਼ਾਰ ਅਤੇ 2 ਲੱਖ ਹੋਰ ਲੈ ਕੇ ਲਹਿਰਾਗਾਗਾ ਵੱਲ ਚਲਾ ਗਿਆ। ਪਰ ਨਾ ਤਾਂ ਉਹ ਪੈਸੇ ਜਮ੍ਹਾ ਕਰਵਾਉਣ ਬੈਂਕ ਪਹੁੰਚਿਆ ਅਤੇ ਨਾ ਹੀ ਘਰ ਪਹੁੰਚਿਆ। ਉਸੇ ਦਿਨ ਦੁਪਹਿਰ ਕਰੀਬ 1 ਵਜੇ ਉਸ ਦੀ ਪਤਨੀ ਰਮਨਦੀਪ ਕੌਰ ਨੇ ਪੁਲਿਸ ਕੋਲ ਆ ਕੇ ਸ਼ਿਕਾਇਤ ਦਿੱਤੀ ਕਿ ਉਸ ਦਾ ਪਤੀ ਪ੍ਰੇਮ ਸਿੰਘ ਘਰ ਨਹੀਂ ਪਹੁੰਚਿਆ। ਉਸਨੇ ਕਿਹਾ ਕਿ ਫੋਨ ਕਰਨ 'ਤੇ ਉਸਦਾ ਫੋਨ ਵੀ ਕਿਸੇ ਹੋਰ ਨੇ ਚੱਕਿਆ। ਥਾਣਾ ਲਹਿਰਾਗਾਗਾ ਦੇ ਇੰਚਾਰਜ ਜਤਿੰਦਰਪਾਲ ਸਿੰਘ ਅਨੁਸਾਰ ਜਦੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮ ਦੀ ਪਤਨੀ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਝਿਜਕਣ ਲੱਗੀ। ਪੁਲਿਸ ਨੂੰ ਥੋੜ੍ਹਾ ਸ਼ੱਕ ਹੋਇਆ ਅਤੇ ਜਾਂਚ ਨੂੰ ਅੱਗੇ ਵਧਾਇਆ ਗਿਆ। ਫੋਨ ਚੁੱਕਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਫੋਨ ਰਸਤੇ ਵਿਚ ਹੀ ਪਿਆ ਮਿਲਿਆ ਸੀ। ਯਾਨੀ ਕਿ ਇੱਕ ਯੋਜਨਾ ਬਣਾਈ ਗਈ, ਉਸ ਦਾ ਫ਼ੋਨ ਰਸਤੇ ਵਿੱਚ ਸੁੱਟ ਦਿੱਤਾ ਗਿਆ ਅਤੇ ਇਹ ਫ਼ੋਨ ਲਹਿਰਾਗਾਗਾ ਨੇੜੇ ਪਿੰਡ ਰਾਮਗੜ੍ਹ ਅਤੇ ਘੋੜੇ ਨਾਮਕ ਪਿੰਡ ਦੇ ਵਿਚਕਾਰ ਮਿਲਿਆ, ਜਿਸਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਤੋਂ ਉਹ ਆਪਣੇ ਮੋਟਰਸਾਈਕਲ 'ਤੇ ਤਾਂ ਨਜ਼ਰ ਆ ਰਿਹਾ ਸੀ ਪਰ ਉਹ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਲਈ ਲਹਿਰਾਗਾਗਾ ਨਹੀਂ ਗਿਆ। ਪੁਲਿਸ ਅਨੁਸਾਰ ਜਦੋਂ ਦੂਜਾ ਸੀਸੀਟੀਵੀ ਸਕੈਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਮੁਲਜ਼ਮ ਪ੍ਰੇਮ ਸਿੰਘ ਪਿੰਡ ਰਾਮਗੜ੍ਹ ਤੋਂ ਕੋਹਰੀਨਾ, ਜੋ ਕਿ ਦਰਿਆ ਦੇ ਦੂਜੇ ਪਾਸੇ ਸੀ ਉਥੇ ਚਲਾ ਗਿਆ ਸੀ। ਇਸ ਤੋਂ ਬਾਅਦ ਉਥੇ ਜਾ ਕੇ ਸੀਸੀਟੀਵੀ ਦੇਖਿਆ ਗਿਆ ਤਾਂ ਇਕ ਵਾਰ ਫਿਰ ਉਹੀ ਮੋਟਰਸਾਈਕਲ ਦੇਖਿਆ ਗਿਆ, ਜਿਸ 'ਤੇ ਪੁਲਿਸ ਨੂੰ ਸ਼ੱਕ ਸੀ। ਪੈਟਰੋਲ ਪੰਪ ਮਾਲਕ ਨੇ ਵੀ ਸ਼ੱਕ ਜਤਾਇਆ, ਜਿਸ ਤੋਂ ਬਾਅਦ ਦੋਸ਼ੀ ਨੂੰ 3 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ, ਪੁਲਿਸ ਨੇ ਦੱਸਿਆ ਪੈਸੇ ਹਜ਼ਮ ਕਰਨ ਲਈ ਅਗਵਾ ਦੀ ਕਹਾਣੀ ਰਚੀ ਗਈ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣਾ ਮੋਟਰਸਾਈਕਲ ਕਰੀਬ 30 ਕਿਲੋਮੀਟਰ ਦੂਰ ਪਿੰਡ ਸ਼ੁਲਰ ਘਰਾਟ ਦੇ ਨਜ਼ਦੀਕ ਨਹਿਰ 'ਚ ਸੁੱਟ ਦਿੱਤਾ ਤਾਂ ਜੋ ਕਹਾਣੀ ਬਿਲਕੁੱਲ ਫਿਲਮੀ ਲੱਗੇ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪੁਲਿਸ ਦਾ ਕਹਿਣਾ ਹੈ ਕਿ ਪੈਸੇ ਵੀ ਜਲਦੀ ਬਰਾਮਦ ਕਰ ਲਏ ਜਾਣਗੇ। ਇਸ ਦੇ ਨਾਲ ਹੀ ਮੁਲਜ਼ਮ ਪ੍ਰੇਮ ਸਿੰਘ ਨੇ ਵੀ ਮੰਨਿਆ ਕਿ ਉਸ ਦੇ ਮਨ ਵਿੱਚ ਲਾਲਚ ਆ ਗਿਆ ਸੀ। ਉਸਨੇ ਦੱਸਿਆ ਕਿ ਉਹ ਸ਼ਿਵਮ ਫਿਲਿੰਗ ਸਟੇਸ਼ਨ 'ਤੇ ਪਿਛਲੇ 8 ਸਾਲਾਂ ਤੋਂ ਕੰਮ ਕਰ ਰਿਹਾ ਹੈ। ਕਿਸੇ ਨੇ ਉਸਨੂੰ ਲਾਲਚ ਦਿੱਤਾ ਸੀ ਕਿ ਉਹ ਉਸਦੇ ਪੈਸੇ ਦੁੱਗਣੇ ਕਰ ਦੇਵੇਗਾ। ਉਸ ਨੇ ਕਿਹਾ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਆਪਣਾ ਗੁਨਾਹ ਕਬੂਲ ਕਰਦਾ। -PTC News