AAP ਪੰਜਾਬ ਦਾ ਪੈਸਾ ਦੂਜੇ ਸੂਬਿਆਂ ਦੀ ਕੰਪੇਨਿੰਗ 'ਤੇ ਖਰਚ ਰਹੀ:ਅਸ਼ਵਨੀ ਸ਼ਰਮਾ
ਜਲੰਧਰ: ਭਾਜਪਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਐਤਵਾਰ ਨੂੰ ਜਲੰਧਰ ਪੁੱਜੇ। ਜਿੱਥੇ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮਾਜ ਦੀ ਸੇਵਾ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦਿੰਦੀ ਆ ਰਹੀ ਹੈ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਠਾਰਾਂ ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਹਾੜਾ ਆ ਰਿਹਾ ਹੈ। ਇਸ ਦਿਹਾੜੇ ਮੌਕੇ ਦੇਸ਼ ਦੇ ਹਰ ਸੂਬੇ ਵਿਚ ਬਲੱਡ ਡੋਨੇਸ਼ਨ ਕੈਂਪ ਤੇ ਨਵੇਂ ਬੂਟੇ ਲਗਾਏ ਜਾਣਗੇ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੈਸਿਆਂ ਨੂੰ ਦੂਜੇ ਸੂਬਿਆਂ ਵਿੱਚ ਜਾ ਕੇ ਕੰਪੇਨਿੰਗ ਉੱਤੇ ਪੈਸਾ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ ਪਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਾਸਤੇ ਜੋ ਪੈਸਾ ਲਿਆਂਦਾ ਗਿਆ ਸੀ, ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਕਿਉਂਕਿ ਸਮਾਰਟ ਸਿਟੀ ਦੇ ਪੈਸੇ ਵਿੱਚ ਵੀ ਘੁਟਾਲੇ ਕੀਤੇ ਗਏ ਹਨ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਖੁਦ ਨੂੰ ਕੱਟੜ ਇਮਾਨਦਾਰ ਆਖਣ ਵਾਲੀ ਪਾਰਟੀ ਕੱਟੜ ਬੇਇਮਾਨ ਸਾਬਤ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਦੀ 6 ਮਹੀਨੇ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ ਹੈ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਕਰੋੜਾਂ ਰੁਪੈ ਦੀ ਇਸ਼ਤਿਹਾਰਬਾਜੀ ਕਰਨ ਵਿਚ ਵਿਅਸਤ ਹੈ ਸੱਚਾਈ ਇਹ ਹੈ ਕਿ ਪੰਜਾਬੀਆਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਭਾਜਪਾ ਆਪਣੇ ਦਮ 'ਤੇ ਹੀ ਲੜੇਗੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ -PTC News