'ਆਪ' ਵੱਲੋਂ ਸੰਦੀਪ ਪਾਠਕ ਐਲਾਨੇ ਗਏ ਰਾਜ ਸਭਾ ਲਈ ਉਮੀਦਵਾਰ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਤਿੰਨ ਰੋਜ਼ਾ ਵਿਧਾਨ ਸਭਾ ਇਜਲਾਸ ਚਲਾਇਆ ਜਾ ਰਿਹਾ ਹੈ ਤੇ ਅੱਜ ਇਸ ਇਜਲਾਸ ਦਾ ਦੂਜਾ ਹਨ। ਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ਖਾਲੀ ਹਨ। ਪੰਜਾਬ ਚੋਣਾਂ 'ਚ 117 'ਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ (AAP) ਦੇ ਸਾਰੀਆਂ 5 ਸੀਟਾਂ 'ਤੇ ਰਾਜ ਸਭਾ ਮੈਂਬਰ ਬਣਨੇ ਤੈਅ ਹਨ। ਅਜਿਹੇ 'ਚ ਹੁਣ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ (Raghav Chadha) , ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ (Sandeep Pathak), ਗੁਜਰਾਤ ਦੇ ਪਾਟੀਦਾਰ ਨੇਤਾ ਨਰੇਸ਼ ਪਟੇਲ ਤੇ ਰੈੱਡਫੋਰਟ ਫਿਲਮ ਨਿਰਮਾਤਾ ਕਿਸ਼ਲਯ ਸ਼ਰਮਾ ਦੇ ਨਾਂ ਚਰਚਾ 'ਚ ਹਨ। ਹਾਲਾਂਕਿ ਡਾਕਟਰ ਸੰਦੀਪ ਪਾਠਕ ਦੇ ਨਾਂ 'ਤੇ ਮੋਹਰਾ ਲੱਗ ਗਈ ਹੈ ਅਤੇ ਬਾਕੀਆਂ ਬਾਰੇ ਚਰਚਾ ਜਾਰੀ ਹੈ। ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਈਆਈਟੀ ਦਿੱਲੀ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ ਦੇ ਨਾਂ ਦਾ ਐਲਾਨ ਕੀਤਾ ਹੈ। ਹਾਲਾਂਕਿ 'ਆਪ' ਵੱਲੋਂ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਉਹ ਦੁਪਹਿਰ ਬਾਅਦ ਨਾਮਜ਼ਦਗੀ ਦਾਖ਼ਲ ਕਰਨਗੇ। ਸੰਦੀਪ ਪਾਠਕ ਨੇ 2020 ਦੀਆਂ ਦਿੱਲੀ ਅਤੇ ਫਿਰ 2022 ਦੀਆਂ ਪੰਜਾਬ ਚੋਣਾਂ ਵਿੱਚ ਪਰਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਸੀ। ਬੀਤੇ ਦਿਨੀ ਅਰਵਿੰਦ ਕੇਜਰੀਵਾਲ ਨੇ ਵੀ ਸੰਦੀਪ ਪਾਠਕ ਦੇ ਕੰਮ ਦੀ ਤਾਰੀਫ ਕੀਤੀ ਸੀ। ਹੁਣ ਬਾਕੀ ਚਾਰ ਸੀਟਾਂ ਲਈ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਗੁਜਰਾਤ ਦੇ ਪਾਟੀਦਾਰ ਨੇਤਾ ਨਰੇਸ਼ ਪਟੇਲ ਅਤੇ ਰੈੱਡਫੋਰਟ ਫਿਲਮ ਨਿਰਮਾਤਾ ਕਿਸ਼ਲੇ ਸ਼ਰਮਾ ਦੇ ਨਾਂ ਚਰਚਾ 'ਚ ਹਨ। ਦੁਪਹਿਰ ਤੱਕ ਆਮ ਆਦਮੀ ਪਾਰਟੀ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਇਹ ਨਾਂ ਆਮ ਆਦਮੀ ਪਾਰਟੀ ਨੇ ਲਗਭਗ ਤੈਅ ਕਰ ਲਿਆ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣਾ ਚਾਹੀਦਾ ਹੈ।
ਪੰਜਾਬ ਦੇ ਕੋਟੇ ਵਿੱਚੋਂ ਦੂਜੇ ਸੂਬਿਆਂ ਦੇ ਆਗੂ ਨਾ ਭੇਜੇ ਜਾਣ। ਅਜਿਹੇ 'ਚ ਕ੍ਰਿਕਟਰ ਹਰਭਜਨ ਨੂੰ ਲੈ ਕੇ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ। ਹਰਭਜਨ ਜਲੰਧਰ ਦਾ ਰਹਿਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਬਾਕੀ ਚਾਰ ਨਾਮ ਬਾਹਰੀ ਹਨ। ਹਾਲਾਂਕਿ ਰਾਘਵ ਚੱਢਾ 'ਤੇ ਵੀ ਸਹਿਮਤੀ ਬਣੀ ਹੋਈ ਹੈ। ਬੀਤੇ ਦਿਨੀਂ ਆਪ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਸਾਹਮਣੇ ਡਾਕਟਰ ਸੰਦੀਪ ਪਾਠਕ ਦੀ ਤਾਰੀਫ ਕੀਤੀ ਸੀ। ਨਰੇਸ਼ ਪਟੇਲ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਪਾਟੀਦਾਰ ਭਾਈਚਾਰੇ ਨਾਲ ਜੁੜਨ ਲਈ ਭੇਜਿਆ ਜਾ ਰਿਹਾ ਹੈ। ਪੰਜਾਬ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਤੋਂ ਇਲਾਵਾ ਭਾਜਪਾ ਦੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਹ ਵੀ ਪੜ੍ਹੋ : ਭਗਵੰਤ ਸਿੰਘ ਮਾਨ 12ਵੀਂ ਪਾਸ, ਵਿਧਾਇਕਾਂ ਦੀ ਵਿਦਿਅਕ ਯੋਗਤਾ 'ਤੇ ਪੈਣੀ ਝਾਤ ਦੱਸਣਯੋਗ ਹੈ ਕਿ ਅੱਜ ਦੁਪਹਿਰ 2 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੀਂ ਬਣੀ ਸਰਕਾਰ ਨੂੰ ਪਹਿਲੀ ਵਾਰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਟਕਪੂਰੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਲਗਭਗ ਤੈਅ ਹੈ ਕਿ ਸੰਧਵਾਂ ਹੀ ਸਪੀਕਰ ਹੋਣਗੇ। ਇਸ ਤੋਂ ਇਲਾਵਾ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸੈਸ਼ਨ ਦੀ ਸਮਾਪਤੀ ਹੋ ਜਾਵੇਗੀ। 22 ਮਾਰਚ ਨੂੰ ਨਵੇਂ ਵਿੱਤ ਮੰਤਰੀ ਵੀ ਰਿਪੋਰਟ ਪੇਸ਼ ਕਰਨਗੇ। ਇਸ ਤੋਂ ਇਲਾਵਾ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜਿਹੜੇ ਮੰਤਰੀ ਬਣਾਏ ਗਏ ਹਨ ਉਨ੍ਹਾਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਜਾਵੇਗੀ। ਮੰਤਰੀਆਂ ਨੂੰ ਵਿਭਾਗ ਵੰਡੇ ਜਾਣ ਨੂੰ ਲੈ ਕੇ ਕਾਫੀ ਹਲਚਲ ਚੱਲ ਰਹੀ ਹੈ। -PTC News