'ਆਪ' ਸੰਸਦ ਮੈਂਬਰ ਨੇ ਕੇਂਦਰ 'ਤੇ ਕੇਜਰੀਵਾਲ ਦੇ ਸਿੰਗਾਪੁਰ ਦੌਰੇ 'ਤੇ ਰੋਕ ਦਾ ਦੋਸ਼ ਲਾਇਆ
ਨਵੀਂ ਦਿੱਲੀ, 17 ਜੁਲਾਈ (ਏਜੰਸੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਗਲੋਬਲ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਿੰਗਾਪੁਰ ਦੌਰੇ ਨੂੰ ਕਥਿਤ ਤੌਰ 'ਤੇ ਮਨਜ਼ੂਰੀ ਨਾ ਦਿੱਤੇ ਜਾਣ ਨੂੰ ਲੈ ਕੇ ਕੇਂਦਰ ਦੀ ਆਲੋਚਨਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਸੰਜੇ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਕੇਜਰੀਵਾਲ ਨੂੰ ਰੋਕਿਆ ਜਾ ਰਿਹਾ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਮੀਂਹ ਕਾਰਨ ਨਰਮਾ, ਮੂੰਗੀ ਅਤੇ ਕਈ ਹੋਰ ਫਸਲਾਂ ਹੋਈਆਂ ਪ੍ਰਭਾਵਿਤ 'ਆਪ' ਸੰਸਦ ਮੈਂਬਰ ਨੇ ਕਿਹਾ ਕਿ ਕੇਜਰੀਵਾਲ ਨੂੰ ਇਸ ਮਹੀਨੇ ਦੇ ਅੰਤ 'ਚ ਸਿੰਗਾਪੁਰ 'ਚ ਹੋਣ ਵਾਲੇ ਵਿਸ਼ਵ ਸ਼ਹਿਰ ਸੰਮੇਲਨ 'ਚ ਸੱਦਾ ਦਿੱਤਾ ਗਿਆ ਹੈ। ਕੇਜਰੀਵਾਲ ਗਲੋਬਲ ਸੰਮੇਲਨ 'ਚ ਦਿੱਲੀ ਮਾਡਲ ਪੇਸ਼ ਕਰਨ ਵਾਲੇ ਹਨ। ਉਨ੍ਹਾਂ ਨੇ ਕੇਂਦਰ 'ਤੇ ਹੋਰ ਵਰ੍ਹਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਰਗੀਆਂ ਏਜੰਸੀਆਂ ਦੀ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਦੁਰਵਰਤੋਂ ਕਰ ਰਹੀ ਹੈ। ਸਿੰਘ ਨੇ ਕਿਹਾ "ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਸਤੇਂਦਰ ਜੈਨ ਦਾ ਮਾਮਲਾ ਵੀ ਸ਼ਾਮਲ ਹੈ। ਈਡੀ ਦੀ ਦੋਸ਼ੀ ਠਹਿਰਾਉਣ ਦੀ ਦਰ ਸਿਰਫ 0.5 ਪ੍ਰਤੀਸ਼ਤ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਏਜੰਸੀ ਦੀ ਵਰਤੋਂ ਸਿਰਫ਼ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ।" ਜ਼ਿਕਰਯੋਗ ਹੈ ਕਿ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ 20 ਜੁਲਾਈ 2022 ਤੱਕ ਵਧਾ ਦਿੱਤੀ ਹੈ। ਜੈਨ ਨੂੰ ਈਡੀ ਨੇ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ। ਸਿੰਘ ਨੇ ਅੱਗੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪ੍ਰਾਈਵੇਟ ਅਦਾਰੇ ਤੋਂ ਮਹਿੰਗਾ ਕੋਲਾ ਖਰੀਦਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਮਾਨਸੂਨ ਸੈਸ਼ਨ ਵਿੱਚ ਇਨ੍ਹਾਂ ਤਿੰਨਾਂ ਮੁੱਦਿਆਂ ਨੂੰ ਉਠਾਉਣਗੇ। ਸਿੰਘ ਨੇ ਕਿਹਾ ਕਿ "ਮੈਂ ਤਿੰਨ ਮੁੱਦੇ ਰੱਖੇ ਹਨ, ਈ.ਡੀ, ਸੀ.ਬੀ.ਆਈ ਅਤੇ ਕੋਲਾ। ਉਨ੍ਹਾਂ ਕਿਹਾ ਕੇਜਰੀਵਾਲ ਨੂੰ ਵਿਸ਼ਵ ਸ਼ਹਿਰਾਂ ਦੇ ਸੰਮੇਲਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਮੈਂ ਸੰਸਦ ਸੈਸ਼ਨ ਵਿਚ ਇਸ 'ਤੇ ਵੀ ਚਰਚਾ ਕਰਾਉਣਾ ਚਾਹੁੰਦਾ ਹਾਂ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿੰਗਾਪੁਰ ਵਿੱਚ ਵਿਸ਼ਵ ਸ਼ਹਿਰ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ। ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ 'ਚ ਕਿਹਾ "ਸਿੰਗਾਪੁਰ ਸਰਕਾਰ ਨੇ ਸਾਨੂੰ ਗਲੋਬਲ ਸਮਿਟ 'ਚ ਦਿੱਲੀ ਮਾਡਲ ਪੇਸ਼ ਕਰਨ ਲਈ ਸੱਦਾ ਦਿੱਤਾ ਹੈ। ਸੰਮੇਲਨ ਦੌਰਾਨ ਦਿੱਲੀ ਦੇ ਮਾਡਲ ਨੂੰ ਦੁਨੀਆ ਦੇ ਕਈ ਵੱਡੇ ਨੇਤਾਵਾਂ ਦੇ ਸਾਹਮਣੇ ਪੇਸ਼ ਕਰਨਾ ਹੈ। ਅੱਜ ਪੂਰੀ ਦੁਨੀਆ ਦਿੱਲੀ ਮਾਡਲ ਬਾਰੇ ਜਾਣਨਾ ਚਾਹੁੰਦੀ ਹੈ। ਇਹ ਸੱਦਾ ਦੇਸ਼ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ।" ਇਹ ਵੀ ਪੜ੍ਹੋ: ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਦਾ ਵਿਜੀਲੈਂਸ ਨੂੰ ਮਿਲਿਆ 4 ਦਿਨ ਦਾ ਰਿਮਾਂਡ ਕੇਜਰੀਵਾਲ ਨੇ ਕਿਹਾ, "ਅਜਿਹੀ ਸਥਿਤੀ ਵਿੱਚ ਇੱਕ ਮੁੱਖ ਮੰਤਰੀ ਨੂੰ ਅਜਿਹੇ ਮਹੱਤਵਪੂਰਨ ਪਲੇਟਫਾਰਮ 'ਤੇ ਆਉਣ ਤੋਂ ਰੋਕਣਾ ਦੇਸ਼ ਦੇ ਹਿੱਤ ਦੇ ਵਿਰੁੱਧ ਹੈ। ਜਲਦੀ ਤੋਂ ਜਲਦੀ ਇਜਾਜ਼ਤ ਦਿਓ ਤਾਂ ਜੋ ਮੈਂ ਇਸ ਸੰਮੇਲਨ ਵਿੱਚ ਦੇਸ਼ ਦਾ ਨਾਮ ਉੱਚਾ ਕਰ ਸਕਾਂ।"
ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ-PTC News