ਨਾਜਾਇਜ਼ ਮਾਈਨਿੰਗ ਨੂੰ ਲੈ ਕੇ 'ਆਪ' ਵਿਧਾਇਕ ਨੇ ਰਾਤ ਨੂੰ ਮਾਰਿਆ ਛਾਪਾ, ਕਿਸਾਨਾਂ ਨੇ ਖੋਲ੍ਹਿਆ ਮੋਰਚਾ
ਬਠਿੰਡਾ : ਬਠਿੰਡਾ ਹਲਕਾ ਮੌੜ ਦੇ ਐਮਐਲਏ ਸੁਖਬੀਰ ਮਾਈਸਰਖਾਨਾ ਨੇ ਰੇਤ ਚੱਲ਼ ਰਹੀ ਮਾਈਨਿੰਗ ਉਤੇ ਛਾਪੇਮਾਰੀ ਕੀਤੀ। ਪੁਲਿਸ ਨੇ ਟਰੈਕਟਰ-ਟਰਾਲੀ ਸਮੇਤ 3 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ। ਇਹ ਤਿੰਨੋਂ ਵਿਅਕਤੀ ਮੌੜ ਚੜ੍ਹਤ ਸਿੰਘ ਵਾਲੇ ਦੇ ਹਨ। ਰੋਸ ਵਜੋਂ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਦਰਜ ਮਾਮਲਾ ਰੱਦ ਕਰਕੇ ਮਿੱਟੀ ਕੱਢਣ ਦਾ ਕੰਮ ਨਾ ਹੋਣ ਦੀ ਮੰਗ ਕੀਤੀ। ਦੂਜੇ ਪਾਸੇ ਬਠਿੰਡਾ ਐਸਐਸਪੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ 'ਚ ਕੁਝ ਕਿਸਾਨਾਂ ਵੱਲੋਂ ਜ਼ਮੀਨ ਨੂੰ ਪੱਧਰਾ ਕਰਨ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ। ਮੌੜ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਉਪਰ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਵਿਧਾਇਕ ਤੇ ਪੁਲਿਸ ਪਾਰਟੀ ਦਾ ਡਟਵਾਂ ਵਿਰੋਧ ਕੀਤਾ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਜ਼ਮੀਨ ਪੱਧਰੀ ਕਰ ਰਹੇ ਹਨ ਜਦੋਂਕਿ ਜਾਣਬੁੱਝ ਕੇ ਇਸ ਨੂੰ ਮਾਈਨਿੰਗ ਦਾ ਮਾਮਲਾ ਬਣਾ ਕੇ ਤੰਗ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਦੋਸ਼ ਲਾਇਆ ਕਿ ਸਿਆਸੀ ਸ਼ਹਿ 'ਤੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਾ ਕਰ ਰਹੇ ਸਨ ਪਰ ਮੌੜ ਹਲਕੇ ਦੇ ਵਿਧਾਇਕ ਦੀ ਸ਼ਹਿ 'ਤੇ ਪੁਲਿਸ ਨਾਜਾਇਜ਼ ਮਾਈਨਿੰਗ ਦਾ ਮਾਮਲਾ ਬਣਾ ਰਹੀ ਹੈ। ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖੇਤਾਂ 'ਚ ਹੀ ਧਰਨਾ ਲਗਾ ਦਿੱਤਾ।
ਜਦੋਂ ਪੁਲਿਸ ਮਾਈਨਿੰਗ ਬੰਦ ਕਰਵਾਉਣ ਗਈ ਤਾਂ ਕਿਸਾਨਾਂ ਨੇ ਉਸ ਦਾ ਡਟਵਾਂ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਥਾਣਾ ਮੌੜ ਮੰਡੀ ਦੇ ਐਸਐਚਓ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਨਾਜਾਇਜ਼ ਮਾਈਨਿੰਗ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਆਧਾਰ 'ਤੇ ਉਨ੍ਹਾਂ ਸੁਖਬੀਰ ਸਿੰਘ, ਗੁਰਮੇਲ ਸਿੰਘ ਅਤੇ ਜੀਤਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
-PTC News
ਇਹ ਵੀ ਪੜ੍ਹੋ : ਠੇਕੇ 'ਤੇ ਕੰਮ ਕਰ ਰਹੇ ਹੈਲਥ ਵਰਕਰਾਂ ਵੱਲੋਂ ਹੜਤਾਲ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ