ਬਿਜਲੀ ਮੁਫ਼ਤ ਦੇਣ ਸਬੰਧੀ 'ਆਪ' ਨੇ ਪੰਜਾਬ ਨੂੰ 'ਸ਼੍ਰੇਣੀਆਂ' 'ਚ ਵੰਡਿਆ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਕਾਂਗਰਸੀ ਆਗੂਆਂ ਨੇ ਅੱਜ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਬਿਜਲੀ ਬਿੱਲ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਉਹ ਇਸ ਤੋਂ ਭੱਜ ਰਹੇ ਹਨ ਕਿਉਂਕਿ ਕਾਂਗਰਸ ਵੀ 200 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਸੀ। ਹੁਣ ਆਮ ਆਦਮੀ ਪਾਰਟੀ ਨੇ ਸਿਰਫ਼ 100 ਯੂਨਿਟ ਵਧਾਈ। ਇਸ ਵਿੱਚ ਵੀ 70 ਫ਼ੀਸਦੀ ਆਬਾਦੀ ਬਾਹਰ ਕੱਢ ਦਿੱਤੀ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਕੈਟਾਗਿਰੀ ਵਿੱਚ ਵੰਡ ਦਿੱਤਾ ਹੈ। ਜਦਕਿ ਚੋਣਾਂ ਤੋਂ ਪਹਿਲਾਂ ਐਲਾਨ ਪੂਰੇ ਪੰਜਾਬ ਦੀ ਬਿਜਲੀ ਮੁਫ਼ਤ ਕਰਨ ਦਾ ਕੀਤਾ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਬਿਜਲੀ ਸਬੰਧੀ ਢੁੱਕਵੀਂ ਪਾਲਿਸੀ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਪੰਜਾਬ ਦੇ ਸਿਰ ਉਤੇ ਲੜਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੀ ਕਮਾਈ ਬਾਹਰਲੇ ਸੂਬਿਆਂ ਵਿੱਚ ਇਸ਼ਤਿਹਾਰਬਾਜ਼ੀ ਵਿੱਚ ਉਡਾਇਆ ਜਾ ਰਿਹਾ ਹੈ। ਇਸ ਦਾ ਹੱਕ ਸੂਬਾ ਸਰਕਾਰ ਨੂੰ ਕਿਸ ਨੇ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੀ ਸ਼ਰਾਬ ਪਾਲਿਸੀ ਉਤੇ ਵੀ ਸਵਾਲ ਉਠਾਇਆ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਵੀ ਡਗਮਗਾਈ ਪਈ ਹੈ। ਲੋਕਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ ਹੈ। ਹਰ ਰੋਜ਼ ਕਤਲ ਹੋ ਰਹੇ ਹਨ ਤੇ ਟਰੱਕ ਯੂਨੀਅਨਾਂ ਉਤੇ ਕਬਜ਼ੇ ਹੋ ਰਹੇ ਹਨ। ਇਸ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਿਜਲੀ ਮੰਗ ਵੀ ਕਾਫੀ ਹੈ ਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਿਜਲੀ ਕੱਟ ਲਗਾਏ ਜਾ ਰਹੇ ਹਨ ਤੇ ਥਰਮਲ ਪਲਾਂਟ ਵੀ ਬੰਦ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜੋ ਐਲਾਨ ਕੀਤੇ ਗਏ ਸਨ ਉਸ ਤੋਂ ਹੁਣ ਮੁਕਰਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਵਿੱਤੀ ਸਥਿਤੀ ਕਾਫੀ ਨਾਜ਼ੁਕ ਹੈ। ਇਸ ਦੇ ਸੁਧਾਰ ਲਈ ਸੂਬਾ ਸਰਕਾਰ ਨੇ ਐਲਾਨ ਦੀ ਬਜਾਏ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਨਤਮਸਤਕ ਹੋਈ ਕਿਆਰਾ ਅਡਵਾਨੀ, ਵੇਖੋ ਤਸਵੀਰਾਂ