'ਆਪ' ਨੇ ਚੋਣ ਕਮਿਸ਼ਨ ਤੋਂ ਵੋਟਿੰਗ ਮਸ਼ੀਨਾਂ ਅਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ
ਚੰਡੀਗੜ੍ਹ: ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਇੱਥੋਂ ਦੇ ਸਰਕਾਰੀ ਮਹਿੰਦਰਾ ਕਾਲਜ ਦੇ ਸਟਰਾਂਗ ਰੂਮ ਵਿੱਚ ਪਈਆਂ ਈਵੀਐਮਜ਼ ਦੀ ਸੁਰੱਖਿਆ ਨੂੰ ਲੈ ਕੇ ਚੋਣ ਅਧਿਕਾਰੀਆਂ ਨੂੰ ਸਵਾਲ ਚੁੱਕੇ ਸਨ ਅਤੇ ਸੋਮਵਾਰ ਦੇਰ ਰਾਤ ਕੋਹਲੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਸਟਰਾਂਗ ਰੂਮ ਦੇ ਕੋਲ ਲਾਈਟ ਨਹੀਂ ਹੈ ਅਤੇ ਸੁਰੱਖਿਆ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਇਸ ਮਾਮਲੇ ਸਬੰਧੀ ਅਜੀਤਪਾਲ ਸਿੰਘ ਕੋਹਲੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਸਟਰਾਂਗ ਰੂਮ ਵਿਖੇ ਸੁਰੱਖਿਆ ਵਧਾਉਣ ਅਤੇ ਹੋਰ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਇੱਥੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਉਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 'ਆਪ' ਨੇ ਵੋਟ ਗਿਣਤੀ ਕੇਂਦਰਾਂ ਅਤੇ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ 'ਤੇ ਸੀਸੀਟੀਵੀ ਕੈਮਰੇ ਲਾਉਣ, ਕੈਮਰਿਆਂ ਦੇ ਲਿੰਕ ਉਮੀਦਵਾਰਾਂ ਨਾਲ ਸਾਂਝੇ ਕਰਨ ਅਤੇ ਉਮੀਦਵਾਰਾਂ ਨੂੰ ਇਮਾਰਤਾਂ ਦੇ ਅੰਦਰ ਜਾਣ ਦੀ ਇਜਾਜਤ ਦੇਣ ਦੀ ਅਪੀਲ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਟਿਆਲਾ ਤੋਂ 'ਆਪ' ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਵਿਚਲੇ ਮਹਿੰਦਰਾ ਕਾਲਜ 'ਚ ਰੱਖੀਆਂ ਵੋਟਿੰਗ ਮਸ਼ੀਨਾਂ ਦੀ ਉਚਿਤ ਸੁਰੱਖਿਆ ਨਾ ਹੋਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਪਟਿਆਲੇ ਦਾ ਨਹੀਂ ਹੈ, ਸਗੋਂ ਪੰਜਾਬ ਦੇ ਵੱਖ- ਵੱਖ ਜ਼ਿਲਿਆ 'ਚੋਂ ਵੀ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ। ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵੱਲੋਂ ਕੀਤੇ ਪ੍ਰਬੰਧ ਵਿੱਚ ਘਾਟ ਹੋਣ ਕਾਰਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਸੁਰੱਖਿਆਂ ਦੇ ਪੁਖਤੇ ਪ੍ਰਬੰਧ ਕੀਤੇ ਜਾਣ। ਆਮ ਆਦਮੀ ਪਾਰਟੀ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਭਰ 'ਚ ਜਿਹੜੀਆਂ ਇਮਾਰਤਾਂ ਵਿੱਚ ਵੋਟਾਂ ਵਾਲੀਆਂ ਮਸ਼ੀਨਾਂ ਪਈਆਂ ਹਨ। ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਅਤੇ ਇਮਾਰਤਾਂ ਦੇ ਅੰਦਰ ਅਤੇ ਬਾਹਰ ਰੌਸ਼ਨੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ। ਇਹ ਵੀ ਪੜ੍ਹੋ:ਯੂਕਰੇਨ 'ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ -PTC News