ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਚੰਡੀਗੜ੍ਹ, 17 ਅਗਸਤ: ਪੰਜਾਬ ਦੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਵਾਟਸਐਪ ਤੋਂ ਕਾਲ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਜਿਵੇਂ ਇਹ ਜਾਅਲੀ ਕਾਲ ਹੋਵੇ ਅਤੇ ਫਿਰੌਤੀ ਮੰਗਣ ਲਈ ਇਹ ਕਾਲ ਕੀਤੀ ਗਈ ਸੀ। 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ੀਤਲ ਅੰਗੁਰਾਲ ਅਨੁਸਾਰ ਧਮਕੀ ਦੇਣ ਵਾਲੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸਦੇ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਿੱਥੇ ਵਿਧਾਇਕ ਦੀ ਸੁਰੱਖਿਆ ਵਧਾ ਦਿੱਤੀ ਉੱਥੇ ਹੀ ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ। 'ਆਪ' ਵਿਧਾਇਕ ਨੇ ਦੋਸ਼ ਲਾਇਆ ਹੈ ਕਿ ਇਹ ਸਭ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੀ ਸਾਜਿਸ਼ ਹੈ। ਅੰਗੁਰਾਲ ਮੁਤਾਬਕ ਉਨ੍ਹਾਂ ਨੂੰ ਕਰੀਬ 20-25 ਦਿਨ ਪਹਿਲਾਂ ਅਲੱਗ ਅਲੱਗ ਸਮਿਆਂ 'ਚ ਕੁਲ 11 ਵਾਰ ਫੋਨ ਆਇਆ ਸੀ। ਜਿੱਥੇ ਪਹਿਲਾਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਨ੍ਹਾਂ ਧਮਕੀਆਂ ਪਿੱਛੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦਾ ਹੱਥ ਦੱਸਿਆ ਸੀ। ਉੱਥੇ ਹੀ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸ਼ੀਤਲ ਅੰਗੁਰਾਲ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਜਦਕਿ ਅਸਲੀਅਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਜਿਸਤੋਂ ਬਾਅਦ ਹੁਣ 'ਆਪ' ਵਿਧਾਇਕ ਨੇ ਮੀਡੀਆ ਤੇ ਲੋਕਾਂ ਦੇ ਨਾਂ ਇਕ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ ਵਿਚ ਉਹ ਸਿਧੇ ਤੌਰ 'ਤੇ ਕਿਸੀ ਵੀ ਸਿਆਸੀ ਸ਼ਖ਼ਸੀਅਤ ਦਾ ਨਾਂਅ ਲੈਣ ਤੋਂ ਬਚਦੇ ਨਜ਼ਰ ਆਏ। ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਉਸ ਵੇਲੇ ਸੁਰਖੀਆਂ 'ਚ ਆਏ ਸਨ ਜਦੋਂ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਨੇ ਵਿਧਾਇਕ 'ਤੇ ਉਸਨੂੰ ਦਫ਼ਤਰ ਤੋਂ ਧੱਕੇ ਮਾਰ ਕੇ ਬਾਹਰ ਕੱਢਣ ਦਾ ਦੋਸ਼ ਲਾਇਆ ਸੀ। - ਰਿਪੋਰਟਰ ਪਤਰਸ ਪੀਟਰ ਦੇ ਸਹਿਯੋਗ ਨਾਲ -PTC News