ਆਮ ਆਦਮੀ ਕਲੀਨਿਕ : ਆਰਟੀਆਈ 'ਚ ਹੋਇਆ ਖ਼ੁਲਾਸਾ, ਸਿਰਫ਼ ਪੇਂਟ ਤੇ ਨੇਮ ਪਲੇਟ 'ਤੇ ਖ਼ਰਚੇ 20 ਲੱਖ ਰੁਪਏ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਤਰਜ਼ ਉਤੇ ਪੰਜਾਬ ਵਿੱਚ ਸ਼ੁਰੂ ਕੀਤੇ ਜਾ ਰਹੇ ਮੁਹੱਲਾ ਕਲੀਨਿਕ ਵਿਵਾਦਾਂ ਵਿੱਚ ਘਿਰ ਰਹੇ ਹਨ। ਆਰਟੀਆਈ ਕਾਰਕੁੰਨ ਵੱਲੋਂ ਪਾਈ ਗਈ ਆਰਟੀਆਈ ਤਹਿਤ ਕਾਫੀ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਜਾਣਕਾਰੀ ਅਨੁਸਾਰ ਆਰਟੀਆਈ ਕਾਰਕੁੰਨ ਮਾਨਕ ਗੋਇਲ ਵੱਲੋਂ ਮਾਨ ਸਰਕਾਰ ਵੱਲੋਂ ਬਣਾਏ ਜਾ ਰਹੇ ਆਮ ਆਦਮੀ ਕਲੀਨਿਕ ਸਬੰਧੀ ਜਾਣਕਾਰੀ ਮੰਗੀ ਗਈ। ਜਾਣਕਾਰੀ ਮਿਲਣ ਉਤੇ ਇਸ ਸਬੰਧੀ ਕਾਫੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ ਤੋਂ ਸਪੱਸ਼ਟ ਹੋਇਆ ਕਿ ਪਹਿਲਾਂ ਤੋਂ ਤਿਆਰ ਇਮਾਰਤ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਉਤੇ 20 ਲੱਖ ਰੁਪਏ ਖ਼ਰਚੇ ਗਏ ਹਨ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤਿਆਰ ਕੀਤੇ ਗਏ ਸੇਵਾ ਕੇਂਦਰਾਂ ਨੂੰ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਜਾ ਰਹੀ ਹੈ। ਮਾਨ ਸਰਕਾਰ ਵੱਲੋਂ ਪਹਿਲਾਂ ਤੋਂ ਤਿਆਰ ਇਮਾਰਤ ਉਤੇ 20 ਲੱਖ ਰੁਪਏ ਖ਼ਰਚ ਕੇ ਕਲੀਨਿਕ ਤਿਆਰ ਕਰਨ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਆਰਟੀਆਈ ਕਾਰਕੁੰਨ ਮਾਨਕ ਗੋਇਲ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਬਣੇ ਸੇਵਾ ਕੇਂਦਰਾਂ ਉਤੇ ਰੰਗ ਫੇਰ ਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਬਣਾਉਣ ਉਤੇ ਬਹੁਤ ਮੋਟੀ ਰਕਮ ਲੁਟਾਈ ਜਾ ਰਹੀ ਹੈ। ਸਿਰਫ਼ ਲੀਪਾਪੋਤੀ ਦਾ ਹਰ ਇਕ ਸੇਵਾ ਕੇਂਦਰ ਉਤੇ ਕਰੀਬ 20 ਲੱਖ ਰੁਪਏ ਖ਼ਰਚਿਆ ਜਾ ਰਿਹਾ ਹੈ। ਦੂਜੇ ਪਾਸੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਖੰਘ ਤੇ ਜੁਕਾਮ ਤੱਕ ਦੀ ਦਵਾਈ ਮੁੱਕੀ ਹੋਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਾਨ ਸਰਕਾਰ ਪਹਿਲਾਂ ਤੋਂ ਤਿਆਰ ਇਮਾਰਤਾਂ ਉਤੇ ਲੱਖਾਂ ਰੁਪਏ ਖਰਚ ਰਹੀ। ਮੋਗਾ ਵਿਖੇ ਸੇਵਾ ਕੇਂਦਰ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰਨ ਉਤੇ ਲਗਭਗ 18 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਦੇ ਪੈਸੇ ਉਤੇ ਬਾਹਰਲੇ ਸੂਬਿਆਂ ਵਿੱਚ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਕੀਮਾਂ ਤੇ ਇਮਾਰਤਾਂ ਉਤੇ ਨੇਮ ਪਲੇਟਾਂ ਬਦਲ ਕੇ ਲੋਕਾਂ ਨੂੰ ਧੋਖਾ ਦੇਣਾ ਬੰਦ ਕਰ ਦਿਓ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕ ਉਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰਾ ਵਿਸ਼ਵ ਆਮ ਆਦਮੀ ਪਾਰਟੀ ਦੀ ਮੁਹੱਲਾ ਕਲੀਨਿਕ ਸਕੀਮ ਦੀ ਨਕਲ ਕਰਨਾ ਚਾਹੁੰਦਾ ਹੋਵੇਗਾ ਕਿਉਂਕਿ ਇਸ ਉਤੇ ਲਾਗਤ ਸਿਰਫ਼ ਇਕ ਪੇਂਟ ਤੇ ਦੋ ਪੇਂਟਰ ਤੇ ਪਹਿਲਾਂ ਤੋਂ ਤਿਆਰ ਇਮਾਰਤ। ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਦੀ ਭੁੱਕੀ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 117 ਹਲਕਿਆਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਇਸ ਲੜੀ ਤਹਿਤ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਲੋਕਾਂ ਦੇ ਹਵਾਲੇ ਕੀਤੇ ਜਾਣਗੇ। ਇਹ ਵੀ ਪੜ੍ਹੋ : STF ਅੰਮ੍ਰਿਤਸਰ ਨੇ 2 ਕੇਸਾਂ 'ਚ ਵੱਡੀ ਸਫ਼ਲਤਾ ਕੀਤੀ ਹਾਸਿਲ, ਨਸ਼ਾ ਤਸਕਰ ਕੀਤੇ ਕਾਬੂ