ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਤਿੰਨ ਦਿਨਾਂ ਮਗਰੋਂ ਹੀ ਦਿੱਤਾ ਅਸਤੀਫ਼ਾ
ਰੂਪਨਗਰ : ਆਮ ਆਦਮੀ ਪਾਰਟੀ ਸਰਕਾਰ ਨੇ ਆਜ਼ਾਦੀ ਦਿਹਾੜੇ ਵਾਲੇ ਦਿਨ ਲਗਭਗ 100 ਆਮ ਆਦਮੀ ਕਲੀਨਿਕਾਂ ਦਾ ਆਗਾਜ਼ ਕੀਤਾ ਹੈ ਪਰ ਕੁਝ ਦਿਨਾਂ ਵਿੱਚ ਹੀ ਆਮ ਆਦਮੀ ਕਲੀਨਿਕਾਂ ਦੀ ਪੋਲ੍ਹ ਖੁੱਲ੍ਹਣ ਲੱਗ ਪਈ ਹੈ। ਕਲੀਨਿਕਾਂ ਵਿੱਚ ਪ੍ਰਬੰਧ ਡਾਵਾਂਡੋਲ ਹੋਣ ਕਾਰਨ ਮਰੀਜ਼ਾਂ ਦੀ ਭਾਰੀ ਖੱਜਲ-ਖੁਆਰੀ ਹੋ ਰਹੀ ਹੈ। ਸ਼ਹਿਰ ਦੀ ਪੀ.ਡਬਲਿਊ.ਡੀ. ਕਲੋਨੀ 'ਚ ਖੋਲ੍ਹੇ ਆਮ ਆਦਮੀ ਪਾਰਟੀ ਕਲੀਨਿਕ ਦਾ ਡਾਕਟਰ ਦੋ ਦਿਨ ਡਿਊਟੀ ਕਰਨ ਮਗਰੋਂ ਤੀਜੇ ਦਿਨ ਨੌਕਰੀ ਤੋਂ ਅਸਤੀਫ਼ਾ ਦੇ ਗਿਆ। ਇਸ ਕਾਰਨ ਪੰਜਾਬ ਸਰਕਾਰ ਦੀ ਇਹ ਸਕੀਮ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਈ ਹੈ ਤੇ ਇਸ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੀਡਬਲਿਊਡੀ ਕਲੋਨੀ 'ਚ ਤਾਇਨਾਤ ਡਾ. ਨਵਸਿਮਰਨ ਸਿੰਘ ਨੇ ਬੀਤੇ ਦਿਨ ਹੀ ਆਪਣਾ ਅਸਤੀਫ਼ਾ ਸਿਵਲ ਹਸਪਤਾਲ ਰੂਪਨਗਰ ਦੇ ਐਸਐਮਓ ਨੂੰ ਸੌਂਪ ਦਿੱਤਾ ਸੀ ਪਰ ਉਨ੍ਹਾਂ ਦੇ ਅਸਤੀਫੇ ਸਬੰਧੀ ਲੋਕਾਂ ਨੂੰ ਜਾਣਕਾਰੀ ਅੱਜ ਉਸ ਸਮੇਂ ਮਿਲੀ, ਜਦੋਂ ਮਰੀਜ਼ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਕਲੀਨਿਕ ਪੁੱਜੇ। ਮਰੀਜ਼ਾਂ ਦੀ ਵੱਡੇ ਪੱਧਰ ਉਤੇ ਖੱਜਲ-ਖੁਆਰੀ ਹੋਈ। ਮਰੀਜ਼ਾਂ ਦੇ ਗੁੱਸੇ ਨੂੰ ਦੇਖਦੇ ਹੋਏ ਵਿਭਾਗ ਨੇ ਉਥੇ ਆਰਜ਼ੀ ਤੌਰ ਉਤੇ ਡਾਕਟਰ ਤਾਇਨਾਤ ਕਰ ਦਿੱਤਾ ਹੈ।
ਉੱਧਰ ਐਸ.ਐਮ.ਓ. ਤਰਸੇਮ ਸਿੰਘ ਨੇ ਦੱਸਿਆ ਕਿ ਡਾਕਟਰ ਨਵਸਿਮਰਨ ਸਿੰਘ ਨੇ ਨਿਯਮਾਂ ਮੁਤਾਬਿਕ ਸਿਹਤ ਵਿਭਾਗ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਅਚਾਨਕ ਅਸਤੀਫਾ ਦਿੱਤਾ ਹੈ, ਜਿਸ ਕਰ ਕੇ ਉਕਤ ਡਾਕਟਰ ਵਿਰੁੱਧ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਜਿੰਨਾ ਚਿਰ ਕਿਸੇ ਹੋਰ ਪੱਕੇ ਡਾਕਟਰ ਦੀ ਨਿਯੁਕਤੀ ਨਹੀਂ ਹੋ ਜਾਂਦੀ, ਓਨਾ ਚਿਰ ਡਾ. ਹਰਲੀਨ ਕੌਰ ਦੀ ਡਿਊਟੀ ਆਮ ਆਦਮੀ ਕਲੀਨਿਕ ਪੀ.ਡਬਲਿਊ.ਡੀ. ਕਾਲੋਨੀ ਵਿੱਚ ਲਾ ਦਿੱਤੀ ਗਈ ਹੈ।
ਡਾ. ਹਰਲੀਨ ਕੌਰ ਮਰੀਜ਼ਾਂ ਦੀ ਮੈਡੀਕਲ ਜਾਂਚ ਕਰਨਗੇ। ਉੱਧਰ ਰੂਪਨਗਰ ਸ਼ਹਿਰ ਦੇ ਨੇੜਲੇ ਪਿੰਡ ਕੋਟਲਾ ਨਿਹੰਗ ਵਿਖੇ ਖੋਲ੍ਹੇ ਜਾਣ ਵਾਲੇ ਆਮ ਆਦਮੀ ਕਲੀਨਿਕ ਵਿੱਚ ਮੁਰੰਮਤ ਦਾ ਕੰਮ ਪੂਰਾ ਨਾ ਹੋ ਸਕਣ ਕਾਰਨ ਉਕਤ ਕਲੀਨਿਕ ਆਜ਼ਾਦੀ ਦਿਵਸ ਉਤੇ ਉਦਘਾਟਨ ਤੋਂ ਸੱਖਣਾ ਰਹਿ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ।
ਇਹ ਵੀ ਪੜ੍ਹੋ : ਹੈੱਡ ਕਾਂਸਟੇਬਲ ਵੱਢੀ ਲੈਂਦਾ ਰੰਗੇ ਹੱਥੀ ਕਾਬੂ