ਰੇਲ ਗੱਡੀ ਦੇ ਪੁਰਾਣੇ ਡੱਬੇ ਨੂੰ ਬਣਾਇਆ ਸ਼ਾਨਦਾਰ ਰੈਸਟੋਰੈਂਟ, ਇਕੋ ਸਮੇਂ 32 ਲੋਕ ਬੈਠ ਕੇ ਖਾ ਸਕਦੇ ਹਨ ਪਕਵਾਨ
ਸਿਲੀਗੁੜੀ : ਬੰਗਾਲ ਦੇ ਸਿਲੀਗੁੜੀ ਜ਼ਿਲ੍ਹੇ ਦੇ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਉਤੇ ਰੇਲ ਗੱਡੀ ਦੇ ਇਕ ਪੁਰਾਣੇ ਡੱਬੇ ਵਿਚ ਸੁਧਾਰ ਕਰ ਕੇ ਉਸ ਨੂੰ ਰੈਸਟੋਰੈਂਟ 'ਚ ਬਦਲ ਦਿੱਤਾ ਗਿਆ। ਇਸ ਕੋਚ 'ਚ ਇਕ ਸਮੇਂ 32 ਲੋਕ ਬੈਠ ਕੇ ਖਾਣਾ ਖਾ ਸਕਦੇ ਹਨ ਅਤੇ ਭਾਂਤ-ਭਾਂਤ ਦੇ ਪਕਵਾਨਾਂ ਦਾ ਸਵਾਦ ਚੱਖ ਸਕਦੇ ਹਨ। ਨਿਊ ਜਲਪਾਈਗੁੜੀ ਜੰਕਸ਼ਨ ਦੇ ਐਡੀਸ਼ਨਲ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਚਿਲਵਾਰਵਾਰ ਨੇ ਦੱਸਿਆ ਕਿ ਰੈਸਟੋਰੈਂਟ ਵਿਚ ਉੱਤਰੀ ਤੇ ਦੱਖਣੀ ਭਾਰਤੀ ਪਕਵਾਨਾਂ ਤੋਂ ਲੈ ਕੇ ਚੀਨੀ ਤੱਕ ਹਰ ਤਰ੍ਹਾਂ ਦੇ ਪਕਵਾਨ ਉਪਲਬੱਧ ਹਨ। ਰੈਸਟੋਰੈਂਟ ਨਾ ਸਿਰਫ਼ ਰੇਲਵੇ ਦੀ ਆਮਦਨ ਵਧਾਉਣ ਵਿਚ ਸਹਾਇਤਾ ਕਰੇਗਾ, ਸਗੋਂ ਯਾਤਰੀਆਂ ਨੂੰ ਰੇਲ ਦੇ ਡੱਬੇ 'ਚ ਖਾਣ-ਪੀਣ ਦਾ ਵੱਖਰਾ ਅਨੁਭਵ ਵੀ ਮਿਲੇਗਾ। ਇੱਥੇ ਸਿਰਫ਼ ਰੇਲ ਮੁਸਾਫਰ ਹੀ ਨਹੀਂ ਸਗੋਂ ਆਮ ਲੋਕ ਵੀ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ। ਰੇਲਵੇ ਅਧਿਕਾਰੀ ਨੇ ਕਿਹਾ ਕਿ ਉੱਤਰ ਪੂਰਬ ਫਰੰਟੀਅਰ ਰੇਲਵੇ ਦਾਰਜੀਲਿੰਗ ਹਿਮਾਲਿਅਨ ਰੇਲਵੇ ਦੇ ਸੁਕਨਾ, ਤਿੰਧਰਾ, ਕੁਰਸੇਓਂਗ ਤੇ ਦਾਰਜੀਲਿੰਗ ਸਟੇਸ਼ਨਾਂ ਉਤੇ ਅਜਿਹੇ ਰੈਸਟੋਰੈਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਬੱਸ 'ਚ ਦੀਵਾ ਜਗਾ ਕੇ ਸੁੱਤੇ ਸਨ ਡਰਾਈਵਰ ਤੇ ਕੰਡਕਟਰ, ਦੋਵੇਂ ਜ਼ਿੰਦਾ ਸੜ ਕੇ ਮਰੇ ਰੈਸਟੋਰੈਂਟ ਦੇ ਸੰਚਾਲਕ ਸ਼ਿਸ਼ਿਰ ਹਲਦਰ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਲੋਕ ਨਿਊ ਜਲਪਾਈਗੁੜੀ ਸਟੇਸ਼ਨ ਤੋਂ ਸਫ਼ਰ ਕਰਦੇ ਹਨ ਤੇ ਉਹ ਖਾਣ ਲਈ ਆਸ-ਪਾਸ ਦੀਆਂ ਥਾਵਾਂ ਲੱਭਦੇ ਹਨ। ਇਹ ਉਪਰਾਲਾ ਉਨ੍ਹਾਂ ਲਈ ਕਾਫੀ ਸਹਾਈ ਸਿੱਧ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਉਹ ਰੇਲਵੇ ਦੇ ਅਨੋਖੇ ਪ੍ਰਯੋਗ ਨੂੰ ਪਸੰਦ ਕਰਨਗੇ। ਪੁਰਾਣੇ ਕੋਚ ਦੇ ਨਵੀਨੀਕਰਨ ਮਗਰੋਂ ਰੇਲਵੇ ਨੇ ਇਸ ਨੂੰ ਲਾਇਸੰਸਧਾਰਕ ਨੂੰ ਸੌਂਪ ਦਿੱਤਾ ਹੈ। ਉਸ ਨੇ 30 ਲੱਖ ਰੁਪਏ ਖ਼ਰਚ ਕੇ ਇਸ ਨੂੰ ਬਹੁਤ ਆਕਰਸ਼ਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟ 'ਚ 40 ਕਰਮਚਾਰੀ ਕੰਮ ਕਰਦੇ ਹਨ ਤੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। -PTC News