ਜਾਖੜ ਵੱਲੋਂ ਚੰਨੀ ਖ਼ਿਲਾਫ਼ ਗਲਤ ਟਿੱਪਣੀ ਕਰਨ 'ਤੇ ਐਸਸੀ ਭਾਈਚਾਰੇ 'ਚ ਰੋਸ ਦੀ ਲਹਿਰ
ਫਿਲੌਰ : ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਕੀਤੀ ਗਈ ਗਲਤ ਟਿੱਪਣੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੁਨੀਲ ਜਾਖੜ ਖ਼ਿਲਾਫ਼ ਐਸਸੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਚੰਨੀ ਖ਼ਿਲਾਫ਼ ਗਲਤ ਟਿੱਪਣੀ ਕਰਨ ਉਤੇ ਰੋਸ ਵਜੋਂ ਅੱਜ ਫਿਲੌਰ ਦੇ ਬਾਜ਼ਾਰ 8 ਤੋਂ 2 ਵਜੇ ਤੱਕ ਬੰਦ ਰਹੇ। ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆਂ ਵੱਲੋਂ ਫਿਲੌਰ ਦੇ ਅੰਬੇਡਕਰ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਉਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ। ਜੇ ਪਰਚਾ ਦਰਜ ਨਾ ਕੀਤਾ ਗਿਆ ਤਾ ਪੂਰੇ ਪੰਜਾਬ ਵਿੱਚ ਐਸਸੀ ਭਾਈਚਾਰੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਫਿਲੌਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਡੀਐਸਪੀ ਫਿਲੌਰ ਮੌਕੇ ਉਤੇ ਪਹੁੰਚੇ ਤੇ ਇਸ ਸਬੰਧੀ ਮੰਗ ਪੱਤਰ ਲਿਆ। ਗੁਰੂ ਰਵਿਦਾਸ ਜੱਥੇਬੰਦੀਆਂ ਵੱਲੋਂ ਸੁਨੀਲ ਜਾਖੜ ਦਾ ਪੁਤਲਾ ਵੀ ਸਾੜਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਹਨ ਪਰ ਹੁਣ ਦਲਿਤ ਭਾਈਚਾਰਾ ਜਾਖੜ ਨੂੰ ਬਿਲਕੁਲ ਵੀ ਮੁਆਫ ਨਹੀਂ ਕਰੇਗਾ। ਇਸ ਸਭ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ। ਕਾਂਗਰਸ ਦਾ ਘਰੇਲੂ ਕਲੇਸ਼ ਦਿਨੋਂ-ਦਿਨ ਵੱਧ ਰਿਹਾ ਹੈ। ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪਹਿਲਾਂ ਕਈ ਕਾਂਗਰਸੀ ਆਗੂ ਬਿਆਨਬਾਜ਼ੀ ਕਰ ਚੁੱਕੇ ਹਨ। ਇਸ ਦੇ ਉਲਟ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਧਾਨ ਅਹੁਦੇ ਲਈ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਸਿੱਧੂ ਤੇ ਢਿੱਲੋਂ ਆਹਮੋ-ਸਾਹਮਣੇ, ਇਮਾਨਦਾਰੀ ਦੇ ਮੁੱਦੇ ਨੂੰ ਲੈ ਕੇ ਹੋਈ ਬਹਿਸ