ਚੰਡੀਗੜ੍ਹ 'ਚ ਫਿਰ ਡਿੱਗਿਆ ਦਰੱਖਤ, ਵਾਹਨਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਦਰੱਖਤ ਡਿੱਗਣ ਦਾ ਸਿਲਸਿਲਾ ਜਾਰੀ ਹੈ। ਅੱਜ ਇੱਕ ਹੋਰ ਦਰੱਖਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਚੰਡੀਗੜ੍ਹ ਦੇ ਸੈਕਟਰ-22, 43 ਵਿਚ ਅਚਾਨਕ ਦਰੱਖਤ ਦੀ ਵੱਡੀ ਟਾਹਣੀ ਟੁੱਟ ਕੇ ਸੜਕ ’ਤੇ ਡਿੱਗ ਗਈ। ਸ਼ਹਿਰ ਦੇ ਜ਼ਿਆਦਾਤਰ ਦਰੱਖਤ ਖੋਖਲੇ ਹਨ। ਇਸ ਕਾਰਨ ਦਰੱਖਤ ਬਿਨਾਂ ਮੀਂਹ ਅਤੇ ਝੱਖੜ ਦੇ ਵੀ ਡਿੱਗ ਰਹੇ ਹਨ। ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ-40 ਵਿਚ ਵੀ ਦਰੱਖਤ ਡਿੱਗਿਆ ਸੀ। ਰੋਜਾਨਾ ਚੰਡੀਗੜ੍ਹ ਤੋਂ ਦਰੱਖਤ ਡਿੱਗਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇਸ ਨਾਲ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਵਾਹਨਾਂ ਦੀ ਆਵਾਜਾਈ ਸੜਕ 'ਤੇ ਜਾਰੀ ਸੀ। ਦਰੱਖਤ ਡਿੱਗਣ ਕਾਰਨ ਭਾਵੇਂ ਕੋਈ ਨੁਕਸਾਨ ਨਹੀਂ ਹੋਇਆ ਪਰ ਕੁਝ ਸਮੇਂ ਲਈ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਕਿਉਂਕਿ ਸੜਕ ਦਾ ਅੱਧਾ ਹਿੱਸਾ ਦਰੱਖਤ ਦੀ ਟਾਹਣੀ ਨਾਲ ਢੱਕਿਆ ਹੋਇਆ ਸੀ। ਦਰੱਖਤ ਡਿੱਗਣ ਤੋਂ ਬਾਅਦ ਟਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਆਵਾਜਾਈ ਨੂੰ ਸੰਭਾਲਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 46 ਵਿੱਚ ਦਰੱਖਤ ਡਿੱਗਿਆ ਸੀ। ਇਸ ਹਾਦਸੇ ਵਿੱਚ ਕਾਰ ਚਾਲਕ ਵਾਲ-ਵਾਲ ਬਚ ਗਿਆ। ਕਾਰ ਦਾ ਡਰਾਈਵਰ ਈਸ਼ੂ ਸੜਕ 'ਤੇ ਕਾਰ ਖੜ੍ਹੀ ਕਰਕੇ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਅਚਾਨਕ ਦਰੱਖਤ ਡਿੱਗ ਗਿਆ। ਇਹ ਵੀ ਪੜ੍ਹੋ: Emergency Landing: ਇੰਡੀਗੋ ਦੇ ਜਹਾਜ਼ ਦੀ ਪਾਕਿਸਤਾਨ 'ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਜਾਣੋ ਕਿਉਂ ਦੱਸ ਦੇਈਏ ਕਿ ਬੀਤੇ ਦਿਨੀ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ 'ਚ ਦਰੱਖਤ ਡਿੱਗਣ ਕਾਰਨ ਹੋਏ ਹਾਦਸੇ 'ਚ ਵਿਦਿਆਰਥੀ ਹੀਰਾਕਸ਼ੀ ਦੀ ਮੌਤ ਹੋ ਗਈ ਸੀ। ਕਾਰਮਲ ਕਾਨਵੈਂਟ ਸਕੂਲ, ਸੈਕਟਰ 9 ਵਿੱਚ ਦਰੱਖਤ ਹਾਦਸੇ ਨੂੰ 8 ਦਿਨਾਂ ਤੋਂ ਵੱਧ ਸਮਾਂ ਬੀਤ ਗਿਆ ਹੈ। ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ। ਹਾਦਸੇ ਵਿੱਚ ਮ੍ਰਿਤਕ ਲੜਕੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਕੈਂਡਲ ਮਾਰਚ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਦਰੱਖਤ ਡਿੱਗ ਰਹੇ ਹਨ। ਸ਼ੁੱਕਰਵਾਰ ਤੋਂ ਬਾਅਦ ਇਹ ਛੇਵੀਂ ਘਟਨਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲੱਗੇ ਰੁੱਖਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਜਿਹੜੇ ਦਰੱਖਤ ਸੁੱਕ ਗਏ ਹਨ ਜਾਂ ਲੋਕਾਂ ਲਈ ਖ਼ਤਰਾ ਬਣ ਗਏ ਹਨ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। -PTC News