ਇਸਾਈ ਭਾਈਚਾਰੇ ਤੇ ਗਿਰਜਾਘਰਾਂ ਦੀ ਸੁਰੱਖਿਆ ਲਈ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ
ਚੰਡੀਗੜ੍ਹ : ਤਰਨਤਾਰਨ ਦੇ ਪੱਟੀ ਨੇੜਲੇ ਪਿੰਡ ਠੱਕਰਪੁਰਾ ਵਿਚ ਗਿਰਜਾਘਰ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਸਾਈ ਭਾਈਚਾਰਾ ਮਸੀਹੀ ਸਮਾਜ ਤੇ ਗਿਰਜਾਘਰਾਂ ਦੀ ਸੁਰੱਖਿਆ ਲਈ ਹਾਈ ਕੋਰਟ ਪੁੱਜ ਗਿਆ ਹੈ। ਇਕ ਪਟੀਸ਼ਨ ਵਿੱਚ ਨੈਸ਼ਨਲ ਕ੍ਰਿਸ਼ਚੀਅਨ ਲੀਗ ਨੇ ਕਿਹਾ ਹੈ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਅੱਧੀ ਰਾਤ ਨੂੰ ਗਿਰਜਾਘਰ ਵਿਚ ਭੰਨ ਤੋੜ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਚੰਡੀਗੜ੍ਹ ਵਾਸੀ ਸੁਖਜਿੰਦਰ ਗਿੱਲ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੂਬੇ 'ਚ ਇਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਤੇ ਚਰਚ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਹੁਕਮ ਦਿੱਤੇ ਜਾਣ। ਫਿਲਹਾਲ ਇਹ ਪਟੀਸ਼ਨ ਹਾਈ ਕੋਰਟ ਦੀ ਰਜਿਸਟਰੀ 'ਚ ਦਾਇਰ ਕੀਤੀ ਗਈ ਹੈ ਅਤੇ ਇਸ 'ਤੇ ਅਗਲੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪੰਜਾਬ 'ਚ ਇਸਾਈ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਹੁਣ ਚਰਚ 'ਚ ਵਾਪਰੀ ਘਟਨਾ ਤੋਂ ਬਾਅਦ ਇਹ ਭਾਈਚਾਰਾ ਪੰਜਾਬ 'ਚ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਸਾਹਮਣੇ ਆਏ ਹਨ ਤੇ ਇਹ ਮੰਨਿਆ ਹੈ ਕਿ ਉਕਤ ਹਾਲਾਤ ਖ਼ਤਰੇ ਦੀ ਘੰਟੀ ਹੈ। ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਨਿਆਂ ਤੇ ਭਲਾਈ ਦੇ ਮੱਦੇਨਜ਼ਰ ਪੰਜਾਬ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਢੁੱਕਵੀਂ ਹਦਾਇਤ ਕੀਤੀ ਜਾਵੇ। ਇਹ ਪਟੀਸ਼ਨ ਅਜੇ ਰਜਿਸਟਰੀ 'ਚ ਦਾਖ਼ਲ ਹੋਈ ਹੈ ਤੇ ਪਾਸ ਹੋਣ ਮਗਰੋਂ ਸੁਣਵਾਈ ਹਿੱਤ ਆਉਣ ਦੀ ਸੰਭਾਵਨਾ ਹੈ। ਕਾਬਿਲੇਗੌਰ ਪਿੰਡ ਠੱਕਰਪੁਰਾ ਸਥਿਤੀ ਗਿਰਜਾਘਰ ਵਿਖੇ ਬੀਤੇ ਦਿਨੀਂ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ ਗਿਰਜਾਘਰ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਦਿੱਤੀ ਸੀ। ਇਸ ਘਟਨਾ ਦੇ ਵਿਰੋਧ ਵਜੋਂ ਇਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਗਿਰਜਾਘਰ ਦੇ ਸਾਹਮਣੇ ਪੱਟੀ ਖੇਮਕਰਨ ਸੜਕ ਦੇ ਧਰਨਾ ਲਗਾਇਆ ਗਿਆ ਸੀ। -PTC News ਇਹ ਵੀ ਪੜ੍ਹੋ : ਹਾਈ ਕੋਰਟ ਨੇ ਪਠਾਨਕੋਟ, ਗੁਰਦਾਸਪੁਰ ਤੇ ਨੇੜਲੇ ਸਰਹੱਦੀ ਖੇਤਰ 'ਚ ਹਰ ਤਰ੍ਹਾਂ ਦੀ ਮਾਈਨਿੰਗ 'ਤੇ ਲਗਾਈ ਰੋਕ