ਸਪੇਨ 'ਚ 'Monkeypox' ਨਾਲ ਇੱਕ ਵਿਅਕਤੀ ਦੀ ਮੌਤ
ਸਪੇਨ : ਸਪੇਨ ਵਿੱਚ ਸ਼ੁੱਕਰਵਾਰ ਨੂੰ ਮੌਂਕੀਪੌਕਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸਪੈਨਿਸ਼ ਮੀਡੀਆ ਮੁਤਾਬਕ ਦੇਸ਼ ਵਿੱਚ ਮੌਂਕੀਪੌਕਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਸਪੇਨ ਦੇ ਸਿਹਤ ਮੰਤਰਾਲੇ ਨੇ ਵਾਇਰਸ 'ਤੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਮੌਂਕੀਪੌਕਸ ਨਾਲ ਸੰਕਰਮਿਤ 120 ਲੋਕਾਂ ਨੂੰ ਹੁਣ ਤੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸਪੇਨ ਦੀ ਸਰਕਾਰੀ ਨਿਊਜ਼ ਏਜੰਸੀ Efe ਅਤੇ ਹੋਰ ਮੀਡੀਆ ਸੰਗਠਨਾਂ ਨੇ ਕਿਹਾ ਕਿ ਇਹ ਦੇਸ਼ ਵਿੱਚ ਮੌਂਕੀਪੌਕਸ ਦੀ ਮੌਤ ਦਾ ਪਹਿਲਾ ਮਾਮਲਾ ਹੈ। ਮੰਤਰਾਲੇ ਨੇ ਮੌਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਸਪੇਨ ਵਿੱਚ ਹੁਣ ਤੱਕ 4,298 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਰੀਬ 3,500 ਅਜਿਹੇ ਪੁਰਸ਼ ਹਨ, ਜੋ ਦੂਜੇ ਪੁਰਸ਼ਾਂ ਨਾਲ ਸੈਕਸ ਕਰਦੇ ਹਨ। ਇਨਫੈਕਸ਼ਨ ਦੇ ਮਾਮਲਿਆਂ ਵਿੱਚ ਸਿਰਫ਼ 64 ਔਰਤਾਂ ਹਨ। ਮੌਂਕੀਪੌਕਸ ਦਾ ਪ੍ਰਕੋਪ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਵੀ ਮੌਂਕੀਪੌਕਸ ਦੇ ਕੇਸ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਮੌਂਕੀਪੌਕਸ ਦੇ ਕੇਸਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਵਾਈਸ ਚਾਂਸਲਰ ਵਿਵਾਦ: ਭਗਵੰਤ ਮਾਨ ਸਰਕਾਰ ਦੇ ਮੰਤਰੀ ਨੇ ਹੀ ਮੰਤਰੀ ਖਿਲਾਫ ਖੋਲ੍ਹਿਆ ਮੋਰਚਾ -PTC News