ਖਿਡਾਰੀਆਂ ਨੂੰ ਨੌਕਰੀਆਂ ਤੇ ਇਨਾਮ ਦੇਣ ਲਈ ਬਣੇਗੀ ਨਵੀਂ ਨੀਤੀ : ਮੀਤ ਹੇਅਰ
ਮੋਹਾਲੀ : ਪੰਜਾਬ ਸਰਕਾਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਨਾਲ-ਨਾਲ ਵੱਡੇ ਟੂਰਨਾਮੈਂਟਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਦਾਇਰੇ 'ਚ ਲਿਆਉਣ ਲਈ ਨੀਤੀ ਬਣਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਲ ਹੀ ਵਿੱਚ ਸ਼ੂਟਿੰਗ ਵਿਸ਼ਵ ਕੱਪ ਵਿੱਚ-2 ਗੋਲਡ ਮੈਡਲ ਜਿੱਤਣ ਵਾਲੇ ਅਰਜੁਨ ਬਬੂਟਾ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਮੰਤਰੀ ਨਾਲ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਮੋਹਾਲੀ ਅਰਜੁਨ ਬਬੂਟਾ ਦੀ ਰਿਹਾਇਸ਼ ਫੇਜ਼-11 ਵਿਖੇ ਪੁੱਜੇ। ਅਰਜੁਨ ਬਬੂਟਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਉਪਲਬਧੀ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗੀ। ਉਨ੍ਹਾਂ ਨੇ 2024 ਪੈਰਿਸ ਓਲੰਪਿਕ ਸਮੇਤ ਭਵਿੱਖ ਦੇ ਮੁਕਾਬਲਿਆਂ ਲਈ ਖਿਡਾਰੀ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਬੁਲੰਦ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਇਸਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਯਕੀਨੀ ਬਣਾਈ ਜਾਵੇਗੀ। ਹਰ ਖੇਡ ਦੇ ਰੂਪ ਵਿੱਚ ਨਕਦ ਇਨਾਮ ਦੇਣ ਲਈ ਹੁਣ ਤੱਕ ਇੱਕ ਬਰਾਬਰੀ ਵਾਲੀ ਨੀਤੀ ਹੈ ਜਦੋਂ ਕਿ ਹਰ ਖੇਡ ਦੀ ਸਮਾਂ-ਸਾਰਣੀ, ਪੱਧਰ ਤੇ ਪ੍ਰਕਿਰਤੀ ਵੱਖ-ਵੱਖ ਹੁੰਦੀ ਹੈ। ਇਸ ਲਈ ਹਰ ਖੇਡ ਦੇ ਮਹੱਤਵਪੂਰਨ ਟੂਰਨਾਮੈਂਟ ਨੂੰ ਨਕਦ ਇਨਾਮ ਨੀਤੀ ਤਹਿਤ ਲਿਆਂਦਾ ਜਾਵੇਗਾ। ਅਰਜੁਨ ਬਬੂਟਾ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਮੁਹਾਲੀ ਵਿਖੇ ਫੇਜ਼ 6 ਦੀ ਸ਼ੂਟਿੰਗ ਰੇਂਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਰਜੁਨ ਬਬੂਟਾ ਨਾਲ ਵਿਸ਼ਵ ਕੱਪ, ਉਸਦੀ ਰਾਈਫਲ ਅਤੇ ਮੈਡਲਾਂ ਨੂੰ ਵੇਖਣ ਤੋਂ ਇਲਾਵਾ ਉਸਦੀ ਖੇਡ ਬਾਰੇ ਵੀ ਗੱਲ ਕੀਤੀ। ਨਿਸ਼ਾਨੇਬਾਜ਼ ਨੇ ਮੰਤਰੀ ਨੂੰ ਆਪਣੇ ਘਰ ਦੀ ਸ਼ੂਟਿੰਗ ਰੇਂਜ ਵੀ ਦਿਖਾਈ ਜੋ ਕੋਵਿਡ -19 ਮਹਾਮਾਰੀ ਦੇ ਸਮੇਂ ਦੌਰਾਨ ਬਣਾਈ ਗਈ ਸੀ। ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਬਬੂਟਾ ਨੇ ਆਪਣੇ ਵਤਨ ਜਲਾਲਾਬਾਦ ਦੀ ਸ਼ਾਨ ਵਧਾਈ ਹੈ। ਇਸ ਮੌਕੇ ਅਰਜੁਨ ਬਬੂਟਾ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਮੰਤਰੀ ਦਾ ਧੰਨਵਾਦ ਕੀਤਾ। ਦੀਪਤੀ ਬਬੂਟਾ ਜੋ ਕਿ ਇੱਕ ਪੰਜਾਬੀ ਲੇਖਿਕਾ ਵੀ ਹੈ ਨੇ ਮੀਤ ਹੇਅਰ ਨੂੰ ਆਪਣੀਆਂ ਕਿਤਾਬਾਂ ਦਾ ਇੱਕ ਸੈੱਟ ਤੋਹਫ਼ੇ ਵਜੋਂ ਦਿੱਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਹਾਜ਼ਰ ਸਨ। ਇਹ ਵੀ ਪੜ੍ਹੋ : ਚੋਰਾਂ ਨੇ ਆਂਗਨਵਾੜੀ ਨੂੰ ਬਣਾਇਆ ਨਿਸ਼ਾਨਾ, ਕੰਪਿਊਟਰ ਤੇ ਬੈਟਰੀ ਇਨਵਰਟਰ ਚੋਰੀ