ਨਾਬਾਲਗ ਲੜਕੇ ਨੇ ਫੁੱਟਪਾਥ 'ਤੇ ਬੈਠੇ ਲੋਕਾਂ 'ਤੇ ਚੜ੍ਹਾਈ ਕਾਰ, ਚਾਰ ਔਰਤਾਂ ਦੀ ਮੌਤ
ਹੈਦਰਾਬਾਦ: ਦੇਸ਼ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ ਤੇ ਕਾਨਪੁਰ 'ਚ ਈ-ਬੱਸ ਹਾਦਸੇ ਤੋਂ ਬਾਅਦ ਹੁਣ ਤੇਲੰਗਾਨਾ ਦੇ ਕਰੀਮ ਨਗਰ ਜ਼ਿਲੇ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਲਾਪਰਵਾਹੀ ਨਾਲ ਕਾਰ ਚਲਾ ਰਹੇ ਇਕ ਨਾਬਾਲਗ ਲੜਕੇ ਨੇ ਫੁੱਟਪਾਥ 'ਤੇ ਬੈਠੇ ਲੋਕਾਂ 'ਤੇ ਗੱਡੀ ਚੜਾ ਦਿੱਤੀ। ਕਾਰ ਦੀ ਲਪੇਟ 'ਚ ਆਉਣ ਨਾਲ ਚਾਰ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਵਿੱਚ ਤਿੰਨ ਨਾਬਾਲਗ ਸਵਾਰ ਸਨ। ਕਾਰ ਚਲਾ ਰਿਹਾ ਨਾਬਾਲਗ ਗੱਡੀ ਤੋਂ ਕੰਟਰੋਲ ਗੁਆ ਬੈਠਾ ਸੀ। ਇਸ ਕਾਰਨ ਕਾਰ ਫੁੱਟਪਾਥ 'ਤੇ ਬੈਠੇ ਲੋਕਾਂ 'ਤੇ ਪਲਟ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਕਰੀਮਨਗਰ ਦੇ ਪੁਲਸ ਕਮਿਸ਼ਨਰ ਮੁਤਾਬਕ ਕਾਰ 'ਚ ਸਵਾਰ ਨਾਬਾਲਗਾਂ ਖਿਲਾਫ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਕਾਰ ਚਾਲਕ ਸਮੇਤ ਸਾਰੇ ਮੁਲਜ਼ਮ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਤੇ ਸਖਤ ਕਾਰਵਾਈ ਕਰਦੇ ਹੋਏ ਨਾਬਾਲਗ ਲੜਕੇ ਦੇ ਪਿਤਾ ਅਤੇ ਕਾਰ 'ਚ ਸਵਾਰ ਤਿੰਨ ਨਾਬਾਲਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। -PTC News