ਇਸ ਸੂਬੇ ਦੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ 'ਦੀਵਾਲੀ ਦਾ ਤੋਹਫ਼ਾ', ਮਹਿੰਗਾਈ ਭੱਤੇ 'ਚ 4 ਫ਼ੀਸਦੀ ਵਾਧਾ, ਬੋਨਸ ਦਾ ਵੀ ਐਲਾਨ
ਲਖਨਊ: ਸੂਬੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ 1 ਜੁਲਾਈ ਤੋਂ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੀ ਦਰ ਵਿੱਚ ਚਾਰ ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਦੇ ਟਵਿੱਟਰ ਹੈਂਡਲ 'ਤੇ ਲਿਖਿਆ, "ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੀ ਦਰ ਮੌਜੂਦਾ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤੀ ਹੈ, ਜੋ 1 ਜੁਲਾਈ, 2022 ਤੋਂ ਪ੍ਰਭਾਵੀ ਹੈ।" ਇਸੇ ਟਵੀਟ 'ਚ ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਵਿੱਤੀ ਸਾਲ 2021-22 ਲਈ ਹਰੇਕ ਕਰਮਚਾਰੀ ਨੂੰ 6,908 ਰੁਪਏ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।" ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਹਾਲ ਹੀ 'ਚ ਕੇਂਦਰੀ ਮੁਲਾਜ਼ਮਾਂ ਦੇ ਡੀਏ 'ਚ ਚਾਰ ਫੀਸਦੀ ਦਾ ਵਾਧਾ ਕੀਤਾ ਸੀ। ਇਹ ਵੀ ਪੜ੍ਹੋ : ਬੈਂਕ ਲੁੱਟਣ ਪੁੱਜੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨਾਲ ਭਿੜੀ ਬੈਂਕ ਮੈਨੇਜਰ, 30 ਲੱਖ ਦੀ ਲੁੱਟ ਬਚਾਈ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦਾ ਭੁਗਤਾਨ ਇਸ ਮਹੀਨੇ ਯਾਨੀ ਅਕਤੂਬਰ ਮਹੀਨੇ ਦੀ ਤਨਖ਼ਾਹ ਤੇ ਪੈਨਸ਼ਨ ਦੇ ਨਾਲ ਕੀਤਾ ਜਾਵੇਗਾ। ਇਸ ਨਾਲ ਸਰਕਾਰੀ ਖਜ਼ਾਨੇ 'ਤੇ ਹਰ ਮਹੀਨੇ 296 ਕਰੋੜ ਰੁਪਏ ਖ਼ਰਚ ਹੋਣਗੇ। ਜੁਲਾਈ ਤੋਂ ਅਕਤੂਬਰ ਤੱਕ ਦੇ ਬਕਾਏ ਦਾ ਕੁੱਲ ਖ਼ਰਚਾ 1184 ਕਰੋੜ ਰੁਪਏ ਆਵੇਗਾ। ਇਸ ਤਹਿਤ ਪੁਰਾਣੀ ਪੈਨਸ਼ਨ ਪ੍ਰਣਾਲੀ ਅਧੀਨ ਆਉਣ ਵਾਲੇ ਮੁਲਾਜ਼ਮਾਂ ਦੇ ਜੀਪੀਐਫ 'ਚ 387 ਕਰੋੜ ਰੁਪਏ ਜਮ੍ਹਾਂ ਹੋਣਗੇ। ਬਕਾਇਆ ਰਾਸ਼ੀ ਲਈ 797 ਕਰੋੜ ਰੁਪਏ ਨਕਦ ਅਦਾ ਕੀਤੇ ਜਾਣਗੇ। -PTC News