ਪਠਾਨਕੋਟ ਮੈਡੀਕਲ ਕਾਲਜ 'ਚ ਫਟਿਆ ਸਿਲੰਡਰ, ਨੌਜਵਾਨ ਦੀ ਗਈ ਜਾਨ
ਪਠਾਨਕੋਟ : ਪਠਾਨਕੋਟ ਦੇ ਦ ਵ੍ਹਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਆਕਸੀਜਨ ਸਿਲੰਡਰ ਵਿੱਚ ਧਮਾਕੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸਿਲੰਡਰ ਫਿਟ ਕਰ ਰਿਹਾ ਸੀ ਉਦੋਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੇ ਚਿੱਥੜੇ ਉਡ ਗਏ ਅਤੇ ਹਸਪਤਾਲ ਦੇ ਨਾਲ ਦੀਆਂ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ। ਮਰੀਜ਼ਾਂ ਅਤੇ ਹਸਪਤਾਲ ਪ੍ਰਬੰਧਕਾਂ ਵਿੱਚ ਭੱਜ-ਦੌੜ ਮਚ ਗਈ ਅਤੇ ਲੋਕ ਬੁਰੀ ਤਰ੍ਹਾਂ ਘਬਰਾ ਗਏ ਸਨ। ਇਸ ਤੋਂ ਤੁਰੰਤ ਬਾਅਦ ਕਾਲਜ ਦੇ ਪ੍ਰਬੰਧਕਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਹਾਦਸੇ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਦੂਜੀ ਇਮਾਰਤ ਵਿੱਚ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਮਰੀਜ਼ਾਂ ਨੂੰ ਸੁਰੱਖਿਅਤ ਥਾਂ ਭੇਜਿਆ ਗਿਆ। ਇਹ ਮੈਡੀਕਲ ਕਾਲਜ ਭਾਜਪਾ ਦੇ ਸੀਨੀਅਰ ਨੇਤਾ ਸਵਰਨ ਸਲਾਰੀਆ ਦਾ ਹੈ।ਮੌਕੇ ਉਤੇ ਪੁੱਜੇ ਏਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਲਗਾਉਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਹਰ ਹੀ ਦੱਸਣਗੇ ਕਿ ਹਾਦਸੇ ਦਾ ਕੀ ਕਾਰਨ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਦਰਿਆ 'ਚੋਂ ਵਿਅਕਤੀ ਦੀ ਲਾਸ਼ ਬਰਾਮਦ, ਪਰਿਵਾਰਕ ਮੈਂਬਰਾਂ ਨੇ ਘੇਰਿਆ ਥਾਣਾ