ਚੱਬੇਵਾਲ ਨੇੜੇ ਬੱਸ ਪਲਟਣ ਨਾਲ ਬੱਚੀ ਦੀ ਮੌਤ, ਕਈ ਵਿਦਿਆਰਥੀ ਗੰਭੀਰ ਜ਼ਖ਼ਮੀ
ਹੁਸ਼ਿਆਪੁਰ : ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਨਜ਼ਦੀਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਕਾਰਨ ਇਕ ਬੱਚੀ ਦੀ ਮੌਤ ਹੋ ਗਈ ਅਤੇ ਲਗਭਗ 12 ਤੋਂ 15 ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਚੱਬੇਵਾਲ ਨਜ਼ਦੀਕ ਸਥਿਤ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਅੱਜ ਪਿੰਡ ਸੀਣਾਂ ਕੋਲ ਹਾਦਸਾ ਗ੍ਰਸਤ ਹੋ ਕੇ ਖੇਤਾਂ ਚ ਜਾ ਪਲਟੀ ਜਿਸ ਕਾਰਨ ਬੱਸ ਵਿੱਚ ਸਵਾਰ ਇਕ ਬੱਚੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 12 ਤੋਂ 15 ਬੱਚੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਬੱਚੀ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਹੁੱਕੜਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਇਸ ਮਾਮਲੇ ਬਾਰੇ ਅਜੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਵੀ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਬੱਸ ਪਲਟਣ ਤੋਂ ਬਾਅਦ ਬੱਚੇ ਰੌਲਾ ਪਾਉਣ ਲੱਗ ਪਏ ਤੇ ਰਾਹਗੀਰਾਂ ਨੇ ਤੁਰੰਤ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਜ਼ਖ਼ਮੀ ਹੋਏ ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਰਾਹਗੀਰਾਂ ਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਮ੍ਰਿਤਕ ਬੱਚੀ ਦੀ ਪਛਾਣ ਜਸਨੂਰ ਪਿਤਾ ਇਕਬਾਲ ਸਿੰਘ ਵਾਸੀ ਹੁੱਕੜਾ ਵਜੋਂ ਹੋਈ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਬੱਸ ਡਰਾਈਵਰ ਉਤੇ ਕਈ ਇਲਜ਼ਾਮ ਲਗਾਏ ਅਤੇ ਆਪਣਾ ਰੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਵਿੱਚ ਸਕੂਲੀ ਬੱਸ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਦੋ ਬੱਚੇ ਜ਼ਖ਼ਮੀ ਹੋ ਗਏ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ ਮਰਨਿੰਗ ਗਲੋਰੀ ਸਕੂਲ ਦੀ ਬੱਸ ਵਿਚ 33 ਬੱਚੇ ਸਵਾਰ ਸਨ। 33 ਬੱਚਿਆਂ ਵਿੱਚੋ ਦੋ ਜ਼ਖ਼ਮੀ ਹੋ ਗਏ ਹਨ। ਪਿੰਡ ਵਾਲਿਆਂ ਨੇ ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਕਹੀ ਸੀ। ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭ ਦਿੱਤੀ ਸੀ। ਇਸ ਦਰਮਿਆਨ ਅੱਜ ਫਿਰ ਹਾਦਸਾ ਵਾਪਰ ਗਿਆ। ਇਹ ਵੀ ਪੜ੍ਹੋ : ਰਾਖਵੇਂਕਰਨ ਦੇ ਮਸਲੇ 'ਤੇ ਬਸਪਾ ਨੇ ਸਰਕਾਰ ਖ਼ਿਲਾਫ਼ ਬੋਲਿਆ ਹੱਲਾ