ਸਾਬਕਾ ਚੇਅਰਮੈਨ ਤੇ 5 ਹੋਰਾਂ ਖ਼ਿਲਾਫ਼ ਪਲਾਟਾਂ ਦੀ ਗ਼ੈਰ-ਕਾਨੂੰਨੀ ਵਿਕਰੀ ਕਰਨ 'ਤੇ ਮਾਮਲਾ ਦਰਜ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਆਪਣਾਈ ਜ਼ੀਰੋ ਸਹਿਣਸ਼ੀਲਤਾ ਪਾਲਿਸੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐੱਲ.ਆਈ.ਟੀ.) ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਸਮੇਤ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ, ਐਸਡੀਓ ਅੰਕਿਤ ਨਾਰੰਗ, ਸੇਲਜ਼ ਕਲਰਕ ਪਰਵੀਨ ਕੁਮਾਰ, ਕਲਰਕ ਗਗਨਦੀਪ ਤੇ ਚੇਅਰਮੈਨ ਦੇ ਪੀਏ ਸੰਦੀਪ ਸ਼ਰਮਾ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਪੀਏ ਸੰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਲਆਈਟੀ ਦੇ ਜੂਨੀਅਰ ਸਹਾਇਕ ਹਰਮੀਤ ਸਿੰਘ ਤੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੂੰ ਰਿਸ਼ਵਤਖੋਰੀ ਦੇ ਇਕ ਮਾਮਲੇ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ 14 ਜੁਲਾਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ ਅਤੇ 120-ਬੀ ਆਈਪੀਸੀ ਤਹਿਤ ਪਹਿਲਾਂ ਹੀ ਥਾਣਾ ਵਿਜੀਲੈਂਸ ਲੁਧਿਆਣਾ ਵਿੱਚ ਐਫਆਈਆਰ ਨੰਬਰ 8 ਮਿਤੀ 14.07.2022 ਨੂੰ ਦਰਜ ਕੀਤੀ ਹੋਈ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਕੇਸ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਲਆਈਟੀ ਦੇ ਅਧਿਕਾਰੀਆਂ ਨੇ ਭ੍ਰਿਸ਼ਟ ਰਵੱਈਏ ਅਪਣਾਉਂਦੇ ਹੋਏ ਐਸਬੀਐਸ ਨਗਰ ਵਿੱਚ ਪਲਾਟ ਨੰਬਰ 9-ਬੀ, ਰਿਸ਼ੀ ਨਗਰ 'ਚ 102, 103, 104, 105, 106-ਡੀ ਅਤੇ ਸਰਾਭਾ ਨਗਰ 'ਚ 366-ਬੀ ਤੇ 140 ਨੰਬਰ ਪਲਾਟ ਗ਼ੈਰਕਾਨੂੰਨੀ ਤੇ ਭ੍ਰਿਸ਼ਟ ਤਰੀਕਿਆਂ ਰਾਹੀਂ ਅਲਾਟ ਕੀਤੇ ਜੋ ਕਿ ਲੋਕਲ ਡਿਸਪਲੇਸਡ ਪਰਸਨਜ਼ (ਐਲ.ਡੀ.ਪੀ.) ਤੇ ਟਰੱਸਟ ਦੀਆਂ ਹੋਰ ਸਕੀਮਾਂ ਤਹਿਤ ਆਉਂਦੇ ਸਨ ਪਰ ਅਣ-ਅਧਿਕਾਰਤ ਵਿਅਕਤੀਆਂ ਨੂੰ ਵੱਡੀਆਂ ਰਿਸ਼ਵਤਾਂ ਲੈ ਕੇ ਵੇਚ ਦਿੱਤੇ ਗਏ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਕੁੱਝ ਅਲਾਟੀਆਂ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੇ ਪਲਾਟ ਵੀ ਕੁੱਝ ਅਣ-ਅਧਿਕਾਰਤ ਵਿਅਕਤੀਆਂ ਨੂੰ ਅਲਾਟ ਕੀਤੇ ਗਏ ਤੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰ ਕੇ ਮੋਟੀਆਂ ਰਿਸ਼ਵਤਾਂ ਲੈਣ ਦੇ ਸਬੂਤ ਮਿਲੇ ਹਨ। ਇਸ ਸਬੰਧ 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 ਏ, 8, 12, 13(2) ਅਤੇ ਆਈਪੀਸੀ ਦੀ ਧਾਰਾ 409, 420, 467, 471, 120-ਬੀ ਦੇ ਤਹਿਤ ਐਫਆਈਆਰ ਨੰਬਰ 09 ਤਹਿਤ ਵਿਜੀਲੈਂਸ ਬਿਓਰੋ ਦੇ ਆਰਥਿਕ ਅਪਰਾਧ ਵਿੰਗ ਦੇ ਪੁਲਿਸ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕਰ ਕੇ ਐੱਲ.ਆਈ.ਟੀ. ਦੇ ਮੁਲਜਮਾਂ/ਅਧਿਕਾਰੀਆਂ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ। ਇਹ ਵੀ ਪੜ੍ਹੋ : ਪਰਾਲੀ ਸਾੜਨ 'ਤੇ ਰੋਕ ਲਾਉਣ ਲਈ ਭਗਵੰਤ ਮਾਨ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਮੰਗੇ ਫੰਡ