ਸਾਂਸਦ ਔਜਲਾ ਦੇ ਦਫ਼ਤਰ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ, ਮਾਮਲਾ ਦਰਜ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਵਿੱਚ ਦੋ ਲੁਟੇਰਿਆਂ ਨੇ ਬੰਦੂਕ ਦਿਖਾ ਕੇ ਦਫ਼ਤਰ ਵਿੱਚ ਰੱਖੇ 50 ਹਜ਼ਾਰ ਰੁਪਏ ਅਤੇ ਐਪਲ ਆਈਪੈਡ ਲੁੱਟ ਕੇ ਲੈ ਗਏ। ਪੁਲਿਸ ਨੇ ਲੁਟੇਰਿਆਂ ਦੀ ਪਹਿਚਾਣ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਪਛਾਣ ਗੁਮਟਾਲਾ ਨਿਵਾਸੀ ਜੋਗਿੰਦਰ ਸਿੰਘ ਅਤੇ ਉਸ ਦੇ ਲੜਕੇ ਲਵ ਵਜੋਂ ਹੋਈ ਹੈ।
ਸੰਸਦ ਮੈਂਬਰ ਔਜਲਾ ਦੇ ਗੁਮਟਾਲਾ ਸਥਿਤ ਔਜਲਾ ਅਸਟੇਟ ਦਫਤਰ 'ਚ ਦੋ ਲੁਟੇਰੇ ਬੰਦੂਕਾਂ ਲੈ ਕੇ ਪਹੁੰਚੇ। ਦਫ਼ਤਰ ਵਿੱਚ ਮੌਜੂਦ ਸੌਰਵ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁਲਜ਼ਮਾਂ ਨੇ ਉਸ ’ਤੇ ਪਿਸਤੌਲ ਤਾਣ ਲਈ। ਦੋਸ਼ੀ ਲਵ ਨੇ ਉਸ ਨੂੰ ਦੇਖ ਲਿਆ ਅਤੇ ਤੁਰੰਤ ਫਾਇਰ ਕਰ ਦਿੱਤਾ। ਡਰ ਕੇ ਉਹ ਪਾਸੇ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਦਫ਼ਤਰ ਵਿੱਚ ਰੱਖੇ 50 ਹਜ਼ਾਰ ਰੁਪਏ ਅਤੇ ਟੇਬਲ ’ਤੇ ਪਿਆ ਐਪਲ ਆਈਪੈਡ ਚੁੱਕ ਕੇ ਆਪਣੇ ਨਾਲ ਲੈ ਗਏ। ਮੁਲਜ਼ਮ ਦੇ ਦਫ਼ਤਰ ਤੋਂ ਚਲੇ ਜਾਣ ਤੋਂ ਤੁਰੰਤ ਬਾਅਦ ਸੌਰਵ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜੋਗਿੰਦਰ ਅਤੇ ਲਵ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਐਮਪੀ ਔਜਲਾ ਦੇ ਵਿਕਟੋਰੀਆ ਐਨਕਲੇਵ ਦਫ਼ਤਰ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਖਾਤਾ ਸੰਭਾਲਣ ਵਾਲੇ ਮੱਸਾ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦਫ਼ਤਰ ਵਿੱਚ ਲੱਗੇ ਏ.ਸੀ., ਪੱਖੇ, ਮਹਿੰਗੇ ਬਾਥਰੂਮ ਟਿਊਬ ਅਤੇ ਸਬਮਰਸੀਬਲ ਪੰਪ ਆਦਿ ਚੋਰੀ ਕਰ ਲਏ ਸੀ।
-PTC News