ਵਿਜੀਲੈਂਸ ਬਿਊਰੋ ਵੱਲੋਂ ਪੰਚਾਇਤ ਸਕੱਤਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ 'ਚ ਮਾਮਲਾ ਦਰਜ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਅਪਣਾਈ ਗਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿੱਢੀ ਗਈ ਰਿਸ਼ਵਤ ਵਿਰੋਧੀ ਮੁਹਿੰਮ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਮੋਗਾ ਦੇ ਦਫ਼ਤਰ ਵਿੱਚ ਤਾਇਨਾਤ ਤੇਜਪਾਲ ਸਿੰਘ ਪੰਚਾਇਤ ਸਕੱਤਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਹੈਲਪਲਾਈਨ ਉਤੇ ਪਿੰਡ ਚੁਹਰਚਕ ਜ਼ਿਲ੍ਹਾ ਮੋਗਾ ਵਾਸੀ ਸੰਦੀਪ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮ ਪੰਚਾਇਤ ਸਕੱਤਰ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਵਿੱਚ ਦਰਜ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਉਸ ਨੇ ਡੀਡੀਪੀਓ ਮੋਗਾ ਨੂੰ ਆਪਣੇ ਪਿੰਡ ਵਿੱਚ ਇਕ ਨੀਵੀਂ ਗਲ਼ੀ ਦੀ ਮੁੜ ਉਸਾਰੀ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਉਕਤ ਪੰਚਾਇਤ ਸਕੱਤਰ ਨੇ ਉਸ ਨੂੰ ਇਸ ਕੰਮ ਵਿੱਚ ਮਦਦ ਦੇਣ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਦੇਣ ਲਈ ਕਿਹਾ ਸੀ। ਇਸ ਸਬੰਧੀ ਵਿੱਚ ਵਿਜੀਲੈਂਸ ਬਿਊਰੋ ਨੂੰ ਪ੍ਰਾਪਤ ਦਸਤਾਵੇਜ਼ਾਂ ਦੇ ਆਧਾਰ ਉਤੇ ਜਾਂਚ ਕਰ ਕੇ ਪੰਚਾਇਤ ਸਕੱਤਰ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਫਿਰੋਜ਼ਪੁਰ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਨਿਯਮ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਲਾਜ਼ਮੀ ਯੋਗਤਾ ਨਾ ਹੋਣ ਕਾਰਨ ਹਟਾਏ ਜਾਣਗੇ ਹਰਿਆਣੇ ਦੇ 1259 ਜੇ.ਬੀ.ਟੀ ਅਧਿਆਪਕ