ਧੋਖਾਧੜੀ ਕਰਨ ਵਾਲੇ ਏਜੰਟ ਖਿਲਾਫ਼ ਵੱਡਾ ਪ੍ਰਦਰਸ਼ਨ, ਕੀਤਾ ਹਾਈਵੇ ਜਾਮ
ਬਠਿੰਡਾ: ਮਲੇਸ਼ੀਆ ਵਿੱਚ ਪਿਛਲੇ ਸਾਢੇ ਪੰਜ ਸਾਲ ਤੋਂ ਫਸੇ ਨੌਜਵਾਨ ਨੂੰ ਵਾਪਸ ਲਿਆਉਣ ਅਤੇ ਧੋਖਾਧੜੀ ਕਰਨ ਵਾਲੇ ਏਜੰਟ ਖਿਲਾਫ਼ ਮਾਮਲਾ ਦਰਜ ਕਰਨ ਲਈ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਬਠਿੰਡਾ ਦੇ ਡੀ ਸੀ ਦਫਤਰ ਅੱਗੇ ਧਰਨਾ ਲਗਾਇਆ। ਕਈ ਘੰਟੇ ਪ੍ਰਸ਼ਾਸਨ ਵੱਲੋ ਪ੍ਰਦਰਸ਼ਨਕਾਰੀਆਂ ਦੀ ਕੋਈ ਸਾਰ ਨਾ ਲੈਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਲਈ ਬਠਿੰਡਾ-ਮਾਨਸਾ ਹਾਈਵੇਅ ਜਾਮ ਕਰ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਪਿੰਡ ਬਾਜਕ ਦੇ ਨੌਜਵਾਨ ਖੁਸ਼ਦੀਪ ਸਿੰਘ ਨੂੰ ਮਲੇਸ਼ੀਆ ਕਰੀਬ ਸਾਢੇ ਪੰਜ ਸਾਲ ਪਹਿਲਾਂ ਭੇਜਿਆ ਗਿਆ ਸੀ ਜਿਸ ਤੋਂ ਉਥੇ ਪਾਸਪੋਰਟ ਵੀ ਖੋਹ ਲਿਆ ਗਿਆ ਹੈ ਜੋ ਕਿ ਲਗਾਤਾਰ ਵਾਪਸ ਭਾਰਤ ਲਿਆਉਣ ਲਈ ਆਪਣੇ ਮਾਤਾ-ਪਿਤਾ ਨੂੰ ਅਪੀਲ ਕਰ ਰਿਹਾ ਹੈ। ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਅਤੇ ਦਲਿਤ ਮਹਾਂ ਪੰਚਾਇਤ ਦੇ ਸਹਿਯੋਗ ਨਾਲ ਇਨਸਾਫ਼ ਲੈਣ ਲਈ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ ਗਿਆ।ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਏਜੰਟ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਰਿਵਾਰ ਨੂੰ ਧਮਕੀਆਂ ਮਿਲ ਰਹੀਆ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਓਧਰ ਪੁਲਿਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕਣ ਦੀ ਅਪੀਲ ਕਰ ਰਹੇ ਹਨ ਪਰ ਪ੍ਰਦਰਸ਼ਨਕਾਰੀ ਸਖ਼ਤ ਕਾਰਵਾਈ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਰਹੇ ਹਨ। ਇਹ ਵੀ ਪੜ੍ਹੋ:ਚੌਧਰੀ ਦੇਵੀ ਲਾਲ ਦੀ 109ਵੀਂ ਜੈਯੰਤੀ ਮੌਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ -PTC News