ਚੰਬਾ 'ਚ ਵਾਪਰਿਆ ਵੱਡਾ ਹਾਦਸਾ, ਮਲਬੇ 'ਚ ਦੱਬਣ ਕਾਰਨ ਪਤੀ-ਪਤਨੀ ਦੀ ਹੋਈ ਮੌਤ
ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ, ਮੰਡੀ ਅਤੇ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੇ ਭਟੀਆਟ ਇਲਾਕੇ ਦੀ ਬਨੇਤ ਪੰਚਾਇਤ ਦੇ ਜੁਲਾਡਾ ਵਾਰਡ ਨੰਬਰ ਇੱਕ ਵਿੱਚ ਦੇਰ ਰਾਤ ਕਰੀਬ 2 ਵਜੇ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਪਤੀ-ਪਤਨੀ ਸਮੇਤ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮੌਸਮ ਵਿਗਿਆਨ ਕੇਂਦਰ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਯੈਲੋ ਅਲਰਟ ਦੇ ਵਿਚਕਾਰ ਸੂਬੇ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਾਦਸੇ 'ਚ ਘਰ ਦੀ ਕੰਧ ਟੁੱਟ ਗਈ, ਜਿਸ ਕਾਰਨ ਮਲਬਾ ਘਰ 'ਚ ਦਾਖਲ ਹੋ ਗਿਆ ਅਤੇ ਘਰ 'ਚ ਮੌਜੂਦ ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਟੀਮ ਦੀ ਮਦਦ ਨਾਲ ਪਤੀ-ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਲਬੇ ਹੇਠ ਦੱਬੀਆਂ ਪਤੀ-ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਚੂਹੜੀ (ਚੰਬਾ) ਵਿਖੇ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ : ਵਿੱਕਰੀ ਵਧਾਉਣ ਲਈ Dolo-650 ਨਿਰਮਾਤਾ ਡਾਕਟਰਾਂ ਨੂੰ ਵੰਡਦੇ ਸੀ ਮੁਫ਼ਤ ਤੋਹਫ਼ੇ ਮਾਮਲੇ ਦੀ ਪੁਸ਼ਟੀ ਡੀਐਸਪੀ ਵਿਸ਼ਾਲ ਵਰਮਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਦੱਸ ਦੇਈਏ ਕਿ ਹਿਮਾਚਲ ਵਿੱਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ 'ਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਅਤੇ ਬਾਰਿਸ਼ ਕਾਰਨ ਹੋਏ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਗੌਰਤਲਬ ਹੈ ਕਿ ਮੰਡੀ ਜ਼ਿਲ੍ਹੇ 'ਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਮੰਡੀ ਵਿੱਚ ਭਾਰੀ ਨੁਕਸਾਨ ਹੋਇਆ ਹੈ। ਵੱਡੀ ਗਿਣਤੀ ਵਿੱਚ ਘਰ ਤੇ ਵਾਹਨ ਰੁੜ ਗਏ ਹਨ। ਦੋ ਥਾਵਾਂ 'ਤੇ ਆਏ ਭਿਆਨਕ ਹੜ੍ਹ ਕਾਰਨ 15 ਲੋਕ ਲਾਪਤਾ ਹੋ ਗਏ ਹਨ। ਰਾਹਤ ਕਾਰਜਾਂ ਵਿੱਚ ਜੁੱਟੀਆਂ ਟੀਮਾਂ ਨੇ ਦੋ ਲਾਸ਼ਾਂ ਬਰਾਮਦ ਕਰ ਲਈਆਂ ਹਨ। -PTC News